ਚੋਣਾਂ ਦੌਰਾਨ ਹੀਟਵੇਵ ਦਾ ਪ੍ਰਕੋਪ ਸਿਖਰ 'ਤੇ, ਮੌਸਮ ਵਿਭਾਗ ਦੀ ਚੇਤਾਵਨੀ
Heatwave during elections: ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਪੂਰੇ ਦੇਸ਼ ਵਿੱਚ ਜਿਸ ਤਰ੍ਹਾਂ ਹੀਟਵੇਵ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਆਉਣ ਵਾਲੇ ਮਹੀਨਿਆਂ ਵਿੱਚ ਭਿਆਨਕ ਗਰਮੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਹੀਟਵੇਵ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਆਈ.ਐਮ.ਡੀ. ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਵਿੱਚ ਹੀਟਵੇਵ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪੂਰਬੀ ਅਤੇ ਮੱਧ ਭਾਰਤ 'ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ 7 ਤੋਂ 9 ਅਪ੍ਰੈਲ ਦਰਮਿਆਨ ਪੂਰਬੀ, ਮੱਧ ਅਤੇ ਪੱਛਮੀ ਭਾਰਤ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਕਈ ਥਾਵਾਂ 'ਤੇ ਗੜ੍ਹੇਮਾਰੀ ਦੇ ਨਾਲ-ਨਾਲ ਭਾਰੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਚੱਲਣਗੀਆਂ। ਅਗਲੇ ਦੋ ਦਿਨਾਂ 'ਚ ਉੱਤਰ-ਪੂਰਬ 'ਚ ਵੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਓਡੀਸ਼ਾ, ਗੰਗਾ ਪੱਛਮੀ ਬੰਗਾਲ, ਝਾਰਖੰਡ, ਵਿਦਰਭ, ਉੱਤਰੀ ਅਤੇ ਅੰਦਰੂਨੀ ਕਰਨਾਟਕ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਗਰਮੀ ਦੀ ਲਹਿਰ ਦਾ ਪ੍ਰਭਾਵ ਸਭ ਤੋਂ ਵੱਧ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਪੂਰਬੀ ਭਾਰਤ ਵਿੱਚ ਵੀ ਗਰਮੀ ਦੀ ਲਹਿਰ ਬਰਕਰਾਰ ਰਹੇਗੀ।
ਮੌਸਮ ਵਿਭਾਗ ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਗਰਮੀ ਦੇ ਮੱਦੇਨਜ਼ਰ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ਹੈ। ਪੀਟੀਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਖ਼ਤ ਗਰਮੀ ਪੈਣ ਵਾਲੀ ਹੈ। ਅਜਿਹੇ 'ਚ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਚੋਣਾਂ ਦੀ ਤਿਆਰੀ 'ਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਨੇ ਰੈਲੀਆਂ ਜਾਂ ਵੋਟਾਂ ਦਾ ਸਮਾਂ ਬਦਲਣ ਦੀ ਕੋਈ ਤਜਵੀਜ਼ ਨਹੀਂ ਕੀਤੀ ਹੈ। ਹਾਲਾਂਕਿ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿੱਚ ਗਰਮੀ ਦੀ ਲਹਿਰ ਦਾ ਪ੍ਰਭਾਵ ਲੰਬੇ ਸਮੇਂ ਤੱਕ ਰਹਿ ਸਕਦਾ ਹੈ। ਅਜਿਹੇ 'ਚ ਚੋਣਾਂ ਦੌਰਾਨ ਵੀ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
-