Moga News : ਮਨਾਲੀ ਘੁੰਮਣ ਜਾ ਰਹੇ ਨੌਜਵਾਨਾਂ ਦੀ ਗੱਡੀ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ , ਨੌਜਵਾਨ ਦੀ ਹੋਈ ਮੌਤ
Moga News : ਮੋਗਾ ਦੇ ਪਿੰਡ ਘਲ ਕਲਾਂ ਨੇੜੇ ਮੋਗਾ-ਲੁਧਿਆਣਾ ਹਾਈਵੇ 'ਤੇ ਬੀਤੀ ਰਾਤ ਤਕਰੀਬਨ 2.30 ਵਜੇ ਦੇ ਕਰੀਬ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਇੱਕ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਵਾਪਰਿਆ ਹੈ। ਜਿਸ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਅਜੇ ਕੁਆਰਾ ਸੀ ਅਤੇ ਉਹ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ। ਮ੍ਰਿਤਕ ਮਾਪਿਆਂ ਦੇ ਬੁਢਾਪੇ ਦਾ ਸਹਾਰਾ ਸੀ ,ਕਿਉਂਕਿ ਉਸ ਦਾ ਵੱਡਾ ਭਰਾ ਵੱਖਰੇ ਘਰ 'ਚ ਰਹਿੰਦਾ ਹੈ।
ਮਿਲੀ ਜਾਣਕਾਰੀ ਅਨੁਸਾਰ 4 ਨੌਜਵਾਨ ਗੱਡੀ 'ਤੇ ਸਵਾਰ ਹੋ ਕੇ ਮਨਾਲੀ ਘੁੰਮਣ ਜਾ ਰਹੇ ਸੀ। ਜਦੋਂ ਉਹ ਮੋਗਾ ਦੇ ਪਿੰਡ ਘਲ ਕਲਾ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਦੀ ਇਕ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਇਸੇ ਦੌਰਾਨ ਪਿੱਛੋਂ ਆ ਰਹੇ ਟਰੱਕ ਦੀ ਵੀ ਉਸੇ ਗੱਡੀ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਹਾਈਵੇ 'ਤੇ ਭਾਰੀ ਜਾਮ ਲੱਗ ਗਿਆ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਉਸਦਾ ਭਰਾ ਮੋਗਾ ਦੇ ਇੱਕ ਨਿੱਜੀ ਹੋਟਲ 'ਚ ਕੰਮ ਕਰਦਾ ਸੀ। ਬੀਤੀ ਰਾਤ ਉਸਦੀ ਐਕਸੀਡੈਂਟ 'ਚ ਮੌਤ ਗਈ। ਇਸ ਹਾਦਸੇ ਸਬੰਧੀ ਥਾਣਾ ਘਲਕਲਾ ਦੇ ਪ੍ਰਭਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਤਕਰੀਬਨ ਰਾਤ ਦੇ 2.30 ਵਜੇ ਦਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
- PTC NEWS