Moga Encounter : ਮੋਗਾ 'ਚ ਅਦਾਕਾਰ ਤਾਨੀਆ ਦੇ ਪਿਤਾ 'ਤੇ ਹਮਲਾ ਕਰਨ ਵਾਲੇ ਬਦਮਾਸ਼ਾਂ ਦਾ ਐਨਕਾਊਂਟਰ, ਕੈਨੇਡਾ ਤੋਂ ਰਚੀ ਗਈ ਸੀ ਸਾਜਿਸ਼
Moga Encounter : ਪੰਜਾਬ ਪੁਲਿਸ ਨੂੰ ਮੋਗਾ ਵਿੱਚ ਵੱਡੀ ਸਫਲਤਾ ਮਿਲੀ ਹੈ। ਮੋਗਾ ਪੁਲਿਸ ਨੇ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਇੱਕ ਟਾਰਗੇਟ ਕਿਲਿੰਗ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲਜੀਤ ਕੰਬੋਜ਼ 'ਤੇ ਹਮਲਾ ਕਰਨ ਵਾਲੇ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹੈ।
ਕੈਨੇਡਾ ਤੋਂ ਰਚ ਗਈ ਸੀ ਡਾਕਟਰ ਨੂੰ ਮਾਰਨ ਦੀ ਸਾਜਿਸ਼
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਜ਼ਿਸ਼ ਕੈਨੇਡਾ ਸਥਿਤ ਗੈਂਗਸਟਰ ਲਖਵੀਰ ਸਿੰਘ ਉਰਫ਼ ਲੰਡਾ ਹਰੀਕੇ ਨੇ ਰਚੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਸਾਜ਼ਿਸ਼ ਵਿੱਚ ਸ਼ਾਮਲ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਮੁਲਜ਼ਮ ਲੰਡਾ ਹਰੀਕੇ ਦੇ ਨਿਰਦੇਸ਼ਾਂ 'ਤੇ ਡਾਕਟਰ ਅਨਿਲਜੀਤ ਕੰਬੋਜ ਨੂੰ ਮਾਰਨ ਜਾ ਰਹੇ ਸਨ। ਕਾਰਵਾਈ ਦੌਰਾਨ ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਗੋਲੀਬਾਰੀ ਵੀ ਹੋਈ, ਜਿਸ ਵਿੱਚ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਫੜੇ ਗਏ ਮੁਲਜ਼ਮਾਂ ਕੋਲੋਂ ਦੋ ਪਿਸਤੌਲ (.30 ਬੋਰ) ਅਤੇ 10 ਜ਼ਿੰਦਾ ਕਾਰਤੂਸ, ਇੱਕ ਪਿਸਤੌਲ (.32 ਬੋਰ) ਅਤੇ 3 ਜ਼ਿੰਦਾ ਕਾਰਤੂਸ ਅਤੇ ਇੱਕ ਕਾਰ ਬਰਾਮਦ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਫਤਿਹਗੜ੍ਹ ਪੰਜਤੂਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮੁਲਜ਼ਮਾਂ ਦੇ ਹੋਰ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਨਰਸਿੰਗ ਹੋਮ 'ਚ ਹੋਇਆ ਸੀ ਹਮਲਾ
ਦੱਸ ਦਈਏ ਕਿ ਪੰਜਾਬੀ ਫਿਲਮ ਅਦਾਕਾਰਾ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਆਪਣੇ ਹਰਬੰਸ ਨਰਸਿੰਗ ਹੋਮ 'ਚ ਬੈਠੇ ਸਨ। ਇਸ ਦੌਰਾਨ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਉਪਰ ਫਾਇਰਿੰਗ ਕਰ ਦਿੱਤੀ ਸੀ, ਜਿਸ ਦੌਰਾਨ ਉਨ੍ਹਾਂ ਦੇ 2 ਗੋਲੀਆਂ ਵੱਜੀਆਂ ਸਨ। ਉਪਰੰਤ ਪੁਲਿਸ ਵੱਲੋਂ ਡਾਕਟਰ ਅਨਿਲਜੀਤ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ।
- PTC NEWS