Mohali Police ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ ਤੋਂ 36.58 ਲੱਖ ਰੁਪਏ ਦਾ ਮਾਲੀਆ ਹੋਇਆ ਹਾਸਿਲ
ਜ਼ਿਲ੍ਹਾ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਵੱਖ-ਵੱਖ ਕੇਸਾਂ ਅਧੀਨ ਜ਼ਬਤ ਕੀਤੇ ਵਾਹਨਾਂ ਦੀ ਸਫਲਤਾਪੂਰਵਕ ਨਿਲਾਮੀ ਕਰਕੇ 36.58 ਲੱਖ ਰੁਪਏ ਦੀ ਮਾਲੀਆ ਵਸੂਲੀ ਕੀਤੀ ਗਈ। ਇਹ ਜਾਣਕਾਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐੱਸ., ਸੀਨੀਅਰ ਪੁਲਿਸ ਅਧੀਕਾਰੀ (ਐੱਸ.ਐੱਸ.ਪੀ.), ਐੱਸ.ਏ.ਐੱਸ. ਨਗਰ ਵੱਲੋਂ ਦਿੱਤੀ ਗਈ।
ਇਸ ਮੁਹਿੰਮ ਤਹਿਤ 28, 29 ਅਤੇ 30 ਜਨਵਰੀ 2026 ਨੂੰ ਜ਼ਿਲ੍ਹੇ ਦੇ ਅੱਠ ਪੁਲਿਸ ਥਾਣਿਆਂ ਵਿੱਚ ਨਿਲਾਮੀ ਕਰਵਾਈ ਗਈ, ਜਿਨ੍ਹਾਂ ਦੌਰਾਨ ਕੁੱਲ 351 ਜ਼ਬਤ ਵਾਹਨਾਂ ਦੀ ਨਿਲਾਮੀ ਕੀਤੀ ਗਈ।
ਐੱਸ.ਐੱਸ.ਪੀ. ਨੇ ਅੱਗੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਸਟੈਂਡਿੰਗ ਆਰਡਰਾਂ ਦੀ ਪਾਲਣਾ ਕਰਦੇ ਹੋਏ ਹਾਦਸਾ ਕੇਸਾਂ ਅਤੇ ਹੋਰ ਮਾਮਲਿਆਂ ਨਾਲ ਸੰਬੰਧਿਤ ਵਾਹਨਾਂ, ਜੋ ਲੰਮੇ ਸਮੇਂ ਤੋਂ ਪੁਲਿਸ ਥਾਣਿਆਂ ਵਿੱਚ ਖੜੇ ਸਨ, ਦੇ ਸਮੇਂ-ਸਿਰ ਨਿਪਟਾਰੇ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਹ ਨਿਲਾਮੀ ਮੁਹਿੰਮ ਨਵਨੀਤ ਸਿੰਘ ਮਾਹਲ, ਐਸ ਪੀ (ਟ੍ਰੈਫਿਕ), ਐੱਸ.ਏ.ਐੱਸ. ਨਗਰ ਅਤੇ ਸੌਰਵ ਜਿੰਦਲ, ਐਸ ਪੀ (ਜਾਂਚ), ਐੱਸ.ਏ.ਐੱਸ. ਨਗਰ ਦੀ ਦੇਖ ਰੇਖ ਹੇਠ ਚਲਾਈ ਗਈ। ਨਿਲਾਮੀਆਂ ਐਸ ਪੀ (ਟ੍ਰੈਫਿਕ), ਐੱਸ.ਏ.ਐੱਸ. ਨਗਰ ਦੀ ਪ੍ਰਧਾਨਗੀ ਹੇਠ ਸਰਕਾਰੀ ਨਿਯਮਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਕਰਵਾਈਆਂ ਗਈਆਂ।
ਵਾਹਨਾਂ ਦੇ ਵੇਰਵੇ ਦਿੰਦਿਆਂ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਨਿਲਾਮੀ ਵਿੱਚ ਪੁਲਿਸ ਥਾਣਾ ਨਯਾ ਗਾਂਵ ਤੋਂ 23, ਮੁਲਾਂਪੁਰ ਗਰੀਬਦਾਸ ਤੋਂ 51, ਮਾਜਰੀ ਤੋਂ 20, ਫੇਜ਼-1 ਤੋਂ 29, ਸਿਟੀ ਕੁਰਾਲੀ ਤੋਂ 24, ਢਕੋਲੀ ਤੋਂ 90, ਡੇਰਾਬੱਸੀ ਤੋਂ 88 ਅਤੇ ਲਾਲੜੂ ਪੁਲਿਸ ਥਾਣੇ ਤੋਂ 26 ਵਾਹਨ ਸ਼ਾਮਲ ਸਨ।
ਐੱਸ.ਐੱਸ.ਪੀ. ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਨਾ ਕੇਵਲ ਸਰਕਾਰੀ ਆਮਦਨ ਵਿੱਚ ਵਾਧਾ ਹੁੰਦਾ ਹੈ, ਸਗੋਂ ਪੁਲਿਸ ਥਾਣਿਆਂ ਵਿੱਚ ਵਾਧੂ ਦੇ ਮਾਲ-ਅਸਬਾਬ ਦੀ ਭੀੜ ਘਟਦੀ ਹੈ ਅਤੇ ਕੇਸ ਪ੍ਰਾਪਰਟੀ ਦਾ ਕਾਨੂੰਨੀ ਪ੍ਰਾਵਧਾਨਾਂ ਅਨੁਸਾਰ ਸੁਚੱਜਾ ਨਿਪਟਾਰਾ ਯਕੀਨੀ ਬਣਾਇਆ ਜਾਂਦਾ ਹੈ।
ਇਹ ਵੀ ਪੜ੍ਹੋ : PM ਨਰਿੰਦਰ ਮੋਦੀ ਦੇ ਪੰਜਾਬ ਫੇਰੀ ਤੋਂ ਪਹਿਲਾਂ ਧਮਾਕੇ ਦੀ ਧਮਕੀ ! ਜਲੰਧਰ ਦੇ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
- PTC NEWS