NEET-UG ਪੇਪਰ ਲੀਕ ਮਾਮਲਾ : CBI ਨੇ ਏਮਜ਼ ਪਟਨਾ ਦੇ 4 MBBS ਵਿਦਿਆਰਥੀ ਕੀਤੇ ਗ੍ਰਿਫ਼ਤਾਰ
NEET-UG ਪੇਪਰ ਲੀਕ ਮਾਮਲੇ 'ਚ ਸੀਬੀਆਈ (CBI) ਨੇ ਵੀਰਵਾਰ ਨੂੰ ਵੱਡੀ ਕਾਰਵਾਈ ਕੀਤੀ। ਜਾਂਚ ਏਜੰਸੀ ਨੇ ਏਮਜ਼ ਪਟਨਾ ਦੇ 4 ਐਮਬੀਬੀਐਸ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਮਬੀਬੀਐਸ ਤੀਜੇ ਸਾਲ ਦੇ ਤਿੰਨ ਵਿਦਿਆਰਥੀਆਂ ਚੰਦਨ ਸਿੰਘ, ਰਾਹੁਲ ਅਨੰਤ ਤੇ ਕੁਮਾਰ ਸ਼ਾਨੂ ਅਤੇ ਦੂਜੇ ਸਾਲ ਦੇ ਇੱਕ ਵਿਦਿਆਰਥੀ ਕਰਨ ਜੈਨ ਨੂੰ ਟੀਮ ਵੱਲੋਂ ਵਿਸਥਾਰਪੂਰਵਕ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਏਮਜ਼ ਦੇ ਸੀਨੀਅਰ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਹੋਸਟਲ ਦੇ ਕਮਰਿਆਂ ਤੋਂ ਦੂਰ ਲਿਜਾਇਆ ਗਿਆ ਸੀ, ਜਿਨ੍ਹਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਕਿ ਵਿਦਿਆਰਥੀਆਂ ਦੀ ਜਾਂਚ ਦੀ ਲੋੜ ਹੈ। ਏਜੰਸੀ ਨੇ ਉਨ੍ਹਾਂ ਦੇ ਹੋਸਟਲ ਦੇ ਕਮਰੇ ਸੀਲ ਕਰ ਦਿੱਤੇ ਹਨ।
ਏਮਜ਼ ਪਟਨਾ ਦੇ ਡਾਇਰੈਕਟਰ ਜੀ.ਕੇ. ਪਾਲ ਨੇ ਕਿਹਾ, ''ਸੀਬੀਆਈ ਚਾਰ ਵਿਦਿਆਰਥੀਆਂ ਨੂੰ ਚੁੱਕ ਕੇ ਲੈ ਗਈ ਹੈ। ਚੰਦਨ ਸਿੰਘ, ਰਾਹੁਲ ਅਨੰਤ ਅਤੇ ਕੁਮਾਰ ਸ਼ਾਨੂ ਤੀਜੇ ਸਾਲ ਦੇ ਵਿਦਿਆਰਥੀ ਹਨ ਅਤੇ ਕਰਨ ਜੈਨ ਦੂਜੇ ਸਾਲ ਦੇ ਵਿਦਿਆਰਥੀ ਹਨ।''
ਉਨ੍ਹਾਂ ਕਿਹਾ ਕਿ ਇੱਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਨੂੰ ਜਾਂਚ ਵਿੱਚ ਲੋੜੀਂਦੇ ਵਿਦਿਆਰਥੀਆਂ ਦੀਆਂ ਤਸਵੀਰਾਂ ਅਤੇ ਮੋਬਾਈਲ ਨੰਬਰ ਭੇਜੇ ਸਨ। ਪਾਲ ਨੇ ਦੱਸਿਆ ਕਿ ਸੀਬੀਆਈ ਦੀ ਇੱਕ ਟੀਮ ਨੇ ਡੀਨ, ਹੋਸਟਲ ਵਾਰਡਨ ਅਤੇ ਡਾਇਰੈਕਟਰ ਦੇ ਓਐਸਡੀ ਦੀ ਮੌਜੂਦਗੀ ਵਿੱਚ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ।
ਦੱਸ ਦਈਏ ਕਿ ਇਹ ਕਦਮ ਸੀਬੀਆਈ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਮਸ਼ੇਦਪੁਰ ਤੋਂ 2017 ਬੈਚ ਦੇ ਸਿਵਲ ਇੰਜੀਨੀਅਰ ਪੰਕਜ ਕੁਮਾਰ ਉਰਫ਼ ਆਦਿਤਿਆ ਨੂੰ ਗ੍ਰਿਫ਼ਤਾਰ ਕਰਨ ਤੋਂ ਦੋ ਦਿਨ ਬਾਅਦ ਆਇਆ ਹੈ, ਜਿਸ ਨੇ ਕਥਿਤ ਤੌਰ 'ਤੇ ਹਜ਼ਾਰੀਬਾਗ ਵਿੱਚ ਐਨਟੀਏ ਟਰੰਕ ਤੋਂ NEET-UG ਪੇਪਰ ਚੋਰੀ ਕੀਤਾ ਸੀ।
- PTC NEWS