Palak Kohli ਏਸ਼ੀਅਨ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹੋਈ ਬਾਹਰ, ਪਿਛਲੇ ਸਾਲ ਖੇਡ ਦੌਰਾਨ ਲੱਗੀ ਸੀ ਸੱਟ
Jalandhar News : ਜਲੰਧਰ ਦੀ ਰਹਿਣ ਵਾਲੀ ਅਤੇ ਪੈਰਿਸ ਪੈਰਾਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਭਾਰਤੀ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਏਸ਼ੀਅਨ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 2025 ਦੌਰਾਨ ਜ਼ਖਮੀ ਹੋ ਗਈ। ਮਹਿਲਾ ਸਿੰਗਲਜ਼ ਫਾਈਨਲ ਦੇ ਤੀਜੇ ਸੈੱਟ ਦੌਰਾਨ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਉਸਦਾ ਗੋਡਾ ਮੁੜ ਗਿਆ, ਜਿਸ ਕਾਰਨ ਗੰਭੀਰ ਸੱਟ ਲੱਗ ਗਈ।
ਪਲਕ ਨੂੰ ਤੁਰੰਤ ਉੱਥੋਂ ਬਾਹਰ ਲਿਜਾਇਆ ਗਿਆ ਅਤੇ ਬਾਅਦ ਵਿੱਚ ਜਾਂਚ ਵਿੱਚ ਪਤਾ ਲੱਗਾ ਕਿ ਉਸਨੂੰ ਸਰਜਰੀ ਦੀ ਲੋੜ ਹੈ। ਇਸ ਕਾਰਨ ਉਹ ਨਾ ਸਿਰਫ਼ ਫਾਈਨਲ ਮੈਚ ਪੂਰਾ ਨਹੀਂ ਕਰ ਸਕੀ, ਸਗੋਂ ਆਉਣ ਵਾਲੇ ਟੂਰਨਾਮੈਂਟਾਂ ਤੋਂ ਵੀ ਬਾਹਰ ਹੋਣਾ ਪਿਆ। ਪਲਕ ਕੋਹਲੀ ਨੇ ਖੁਦ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਭਾਵੁਕ ਹੋਈ ਪਲਕ , ਕਿਹਾ- ਹੋਰ ਮਜ਼ਬੂਤੀ ਨਾਲ ਵਾਪਸੀ ਕਰਾਂਗੀ
ਪਲਕ ਨੇ ਕਿਹਾ- "ਇਹ ਸਭ ਸੰਭਾਲਣਾ ਮੁਸ਼ਕਲ ਹੈ। ਜਦੋਂ ਤੁਸੀਂ ਖਿਤਾਬ ਦੇ ਇੰਨੇ ਨੇੜੇ ਹੁੰਦੇ ਹੋ ਅਤੇ ਫਿਰ ਕੁਝ ਅਜਿਹਾ ਹੁੰਦਾ ਹੈ ਜੋ ਤੁਹਾਡੇ ਹੱਥ ਵਿੱਚ ਨਾ ਹੋਵੇ ਪਰ ਇਹੀ ਖੇਡ ਹੈ, ਇਹ ਜ਼ਿੰਦਗੀ ਹੈ। ਮੇਰੀ ਸਰਜਰੀ ਹੋਈ ਹੈ ਅਤੇ ਹੁਣ ਮੈਂ ਰਿਕਵਰੀ ਦੇ ਰਾਹ 'ਤੇ ਹਾਂ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਮਜ਼ਬੂਤ ਅਤੇ ਬਿਹਤਰ ਵਾਪਸੀ ਕਰਾਂਗੀ।" ਉਸਨੇ ਆਪਣੇ ਸਮਰਥਕਾਂ, ਪ੍ਰਸ਼ੰਸਕਾਂ ਅਤੇ ਟੀਮ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਸਾਰਿਆਂ ਦੇ ਪਿਆਰ ਅਤੇ ਪ੍ਰਾਰਥਨਾਵਾਂ ਨੇ ਉਸਨੂੰ ਸਹਾਰਾ ਦਿੱਤਾ।
ਦੱਸ ਦੇਈਏ ਕਿ ਪਲਕ ਕੋਹਲੀ ਨੂੰ ਭਾਰਤ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਪੈਰਾ ਬੈਡਮਿੰਟਨ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ। ਉਸਨੇ ਕਈ ਅੰਤਰਰਾਸ਼ਟਰੀ ਖਿਤਾਬ ਜਿੱਤੇ ਹਨ ਅਤੇ ਪੈਰਿਸ ਪੈਰਾਲੰਪਿਕਸ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਮੇਂ ਪਲਕ ਦਾ ਪੂਰਾ ਧਿਆਨ ਉਸਦੀ ਰਿਕਵਰੀ 'ਤੇ ਹੈ ਅਤੇ ਉਸਦੇ ਪ੍ਰਸ਼ੰਸਕ ਉਮੀਦ ਕਰ ਰਹੇ ਹਨ ਕਿ ਉਹ ਜਲਦੀ ਹੀ ਵਾਪਸ ਆਵੇਗੀ ਅਤੇ ਇੱਕ ਵਾਰ ਫਿਰ ਆਪਣੀ ਚਮਕ ਬਿਖੇਰੇਗੀ।
- PTC NEWS