ਕੈਨੇਡਾ 'ਚ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਤਿਆਰ ਕੀਤਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਿਸ਼ੇਸ਼ ਮਾਡਲ, ਜੂਨ 1984 ਦੇ ਦਰਦ ਨੂੰ ਕੀਤਾ ਜੀਵੰਤ
Amritsar News : ਅੰਮ੍ਰਿਤਸਰ ਦੇ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇੱਕ ਵਿਸ਼ੇਸ਼ ਮਾਡਲ ਤਿਆਰ ਕੀਤਾ ਗਿਆ ਹੈ। ਇਸ ਮਾਡਲ ਵਿੱਚ ਜੂਨ 1984 ਦੌਰਾਨ ਹੋਏ ਹਮਲੇ ਦੇ ਨਿਸ਼ਾਨਾਂ ਨੂੰ ਦਰਸਾਉਂਦਿਆਂ ਗੋਲੀਆਂ, ਤੋਪਾਂ ਅਤੇ ਟੈਂਕਾਂ ਨਾਲ ਪ੍ਰਭਾਵਿਤ ਹੋਈਆਂ ਕੰਧਾਂ, ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਬਹੁਤ ਹੀ ਬਾਰੀਕੀ ਨਾਲ ਉਕੇਰਿਆ ਗਿਆ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਡਲ ਨੂੰ ਤਿਆਰ ਕਰਨ ਵਿੱਚ ਕਰੀਬ 20 ਤੋਂ 25 ਦਿਨ ਲੱਗੇ ਹਨ ਅਤੇ ਇਸ ਲਈ ਸੋਲਿਡਵੁੱਡ ਅਤੇ ਫਾਈਬਰ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ਦੌਰਾਨ ਇਸ ਮਾਡਲ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਭਾਵੇਂ ਜੂਨ 1984 ਦੀਆਂ ਘਟਨਾਵਾਂ ਨੂੰ 42 ਸਾਲ ਬੀਤ ਚੁੱਕੇ ਹਨ, ਪਰ ਸਿੱਖ ਕੌਮ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੀ ਹੈ। ਗੁਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਵੀ ਦਸਾਂ ਪਾਤਸ਼ਾਹੀਆਂ ਦੇ ਜਨਮ ਅਸਥਾਨਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਮਾਡਲ ਤਿਆਰ ਕਰ ਚੁੱਕੇ ਹਨ ਅਤੇ ਫਰਾਂਸ, ਸਪੇਨ, ਆਸਟ੍ਰੇਲੀਆ, ਜਰਮਨੀ, ਮਲੇਸ਼ੀਆ, ਸਿੰਗਾਪੁਰ ਅਤੇ ਫਿਲੀਪੀਨਜ਼ ਸਮੇਤ ਕਈ ਦੇਸ਼ਾਂ ਵਿੱਚ ਆਪਣੀ ਕਲਾ ਦੀ ਪ੍ਰਦਰਸ਼ਨੀ ਲਗਾ ਚੁੱਕੇ ਹਨ।
ਉਨ੍ਹਾਂ ਨੂੰ ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਦੀਆਂ ਸਰਕਾਰਾਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਇਹ ਹੈ ਕਿ ਸੰਗਤਾਂ ਅਤੇ ਖਾਸ ਕਰਕੇ ਨਵੀਂ ਪੀੜ੍ਹੀ ਆਪਣੇ ਇਤਿਹਾਸ ਨਾਲ ਜੁੜੀ ਰਹੇ ਅਤੇ ਉਸ ਨੂੰ ਸਮਝ ਸਕੇ।
ਇਹ ਵੀ ਪੜ੍ਹੋ : Gurdaspur ’ਚ ਬੀਜੇਪੀ ਆਗੂ ’ਤੇ ਹੋਈ ਫਾਇਰਿੰਗ ! ਭਗਵਾਨਪੁਰ ’ਚ ਵਿਜੈ ਸੋਨੀ ਦੇ ਪੈਟਰੋਲ ਪੰਪ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ
- PTC NEWS