Fatehgarh Sahib News : ਡਿਜੀਟਲ ਅਰੈਸਟ ਕਰਕੇ ਇੱਕ ਵਿਅਕਤੀ ਤੋਂ ਠੱਗੇ 30 ਲੱਖ ਰੁਪਏ ,ਆਰੋਪੀ ਕੇਰਲ ਤੋਂ ਗ੍ਰਿਫ਼ਤਾਰ
Fatehgarh Sahib News : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸਾਈਬਰ ਕ੍ਰਾਈਮ ਦੇ ਦਰਜ ਹੋਏ ਮਾਮਲੇ ਵਿੱਚ 30 ਲੱਖ ਦੀ ਠੱਗੀ ਮਾਰਨ ਦੇ ਆਰੋਪ ਵਿੱਚ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕੇਰਲਾ ਦੇ ਮਾਲਾਪੁਰਮ ਤੋਂ ਮਾਸਟਰ ਮਾਇੰਡ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂਕਿ ਇਸ ਮਾਮਲੇ ਵਿੱਚ 8 ਆਰੋਪੀਆਂ ਨੂੰ ਨਾਮਜਦ ਕੀਤਾ ਗਿਆ ਹੈ, ਜਿਨਾਂ ਵਿੱਚੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦੋਂਕਿ ਤਿੰਨ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਦੱਸ ਦਈਏ ਕਿ ਇਹ ਗੈਂਗ ਇੰਡੀਆ ਦੇ ਵੱਖ-ਵੱਖ ਰਾਜਾਂ ਨਾਲ ਸਬੰਧਤ ਹੈ, ਜੋ ਭੋਲੇ ਭਾਲੇ ਲੋਕਾਂ ਨੂੰ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ।
ਜ਼ਿਲ੍ਹਾ ਪੁਲਿਸ ਮੁਖੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਨ੍ਹਾਂ ਕਥਿਤ ਆਰੋਪੀਆਂ ਨੇ ਜ਼ਿਲਾ ਫਤਹਿਗੜ੍ਹ ਸਾਹਿਬ ਦੇ ਪਿੰਡ ਲੁਹਾਰੀ ਕਲਾਂ ਦੇ ਨਿਵਾਸੀ ਹਰਪਾਲ ਸਿੰਘ ਚੀਮਾ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਕਿਹਾ ਕਿ ਉਹ ਕਿਸੇ ਟੈਰਰਿਜਮ ਤੇ ਕੇਸ ਵਿੱਚ ਮੁੰਬਈ ਵਿਖੇ ਫਸਾ ਦੇਣਗੇ ਤੇ ਜੇਕਰ ਉਹ ਇਸ ਕੇਸ ਤੋਂ ਬਚਣਾ ਚਾਹੁੰਦੇ ਹਨ ਤਾਂ ਪੈਸੇ ਦਿੱਤੇ ਜਾਣ ਤੇ ਡਰ ਕੇ ਉਹਨਾਂ ਵੱਲੋਂ 30 ਲੱਖ ਰੁਪਏ ਇਹਨਾਂ ਦੇ ਖਾਤੇ ਵਿੱਚ ਪਾ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਰਾਜਾ ਟੈਂਟ ਵਾਲੇ ਨਾਮਕ ਵਿਅਕਤੀ ਦੇ ਖਾਤੇ ਵਿੱਚ ਪੈਸੇ ਹਰਪਾਲ ਸਿੰਘ ਚੀਮਾ ਵੱਲੋਂ ਪਾ ਦਿੱਤੇ ਗਏ ਸਨ ਤੇ ਉਸ ਤੋਂ ਬਾਅਦ ਅੱਗੇ ਹੋਰ ਟਰਾਂਜੈਕਸ਼ਨਾਂ ਹੋਈਆਂ ।
ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਕਥਿਤ ਆਰੋਪੀਆਂ ਪਾਸੋਂ 30 ਲੱਖ ਦੀ ਠੱਗੀ ਵਿੱਚੋਂ ਹੁਣ ਤੱਕ 9 ਲੱਖ ਰੁਪਏ ਬਰਾਮਦ ਕਰਵਾ ਕੇ ਸ਼ਿਕਾਇਤ ਕਰਤਾ ਨੂੰ ਸੌਂਪ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਗੈਂਗ ਦਾ ਮਾਸਟਰ ਮਾਇੰਡ ਦੋਸ਼ੀ ਅਕਬਰ ਅਲੀ, ਨੂੰ ਕੇਰਲ ਤੋਂ ਗ੍ਰਿਫਤਾਰ ਕੀਤਾ ਗਿਆ,ਜਿਸ 'ਤੇ ਕੇਰਲਾ ਵਿੱਚ ਨਸ਼ਿਆਂ ਦੇ ਮਾਮਲਿਆਂ ਸਮੇਤ ਹੋਰ ਵੀ ਸਾਈਬਰ ਅਪਰਾਧਾਂ ਦੇ ਮਾਮਲੇ ਦਰਜ ਹਨ ਤੇ ਇਸ ਦੀ ਪੁੱਛਗਿੱਛ ਤੋਂ ਬਾਅਦ ਕੇਰਲਾ ਦੇ ਹੀ ਮਾਲਾਪੁਰਮ ਤੋਂ ਕਥਿਤ ਅਰੋਪੀ ਰਿਸ਼ਾਦ ਮੈਲਕਾਮ ਨੂੰ ਇਸ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਸਾਈਬਰ ਕਰਾਈਮ ਪੁਲਿਸ ਵੱਲੋਂ ਪਹਿਲਾਂ ਵੀ ਇਸੇ ਮਾਮਲੇ ਵਿੱਚ ਚੱਲ ਰਹੀ ਡੁੰਘਾਈ ਨਾਲ ਤਬਦੀਸ਼ ਦੌਰਾਨ ਇੱਕ ਵਿਅਕਤੀ ਨੂੰ ਅੰਬਾਲਾ ਦੀ ਸੈਂਟਰਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਲਏ ਗਏ ਰਿਮਾਂਡ ਦੌਰਾਨ ਕੀਤੀ ਗਈ ਅਗਲੇਰੀ ਜਾਂਚ ਪੜਤਾਲ ਦੌਰਾਨ 2 ਵਿਅਕਤੀਆਂ ਨੂੰ ਹੋਰ ਨਾਮਜਦ ਕੀਤਾ ਗਿਆ ਹੈ ਤੇ ਇਹ ਦੋਵੇਂ ਕਥਿਤ ਆਰੋਪੀ ਵੀ ਸੈਂਟਰਲ ਜੇਲ੍ਹ ਅੰਬਾਲਾ ਵਿੱਚ ਸਾਈਬਰ ਕਰਾਈਮ ਵਰਗੇ ਵੱਖ -ਵੱਖ ਮਾਮਲਿਆਂ ਵਿੱਚ ਬੰਦ ਸਨ।
ਐਸਐਸਪੀ ਨੇ ਦੱਸਿਆ ਕਿ ਇਸ ਕੇਸ ਵਿੱਚ ਜਿੱਥੇ ਪਹਿਲਾਂ ਕਥਿਤ ਆਰੋਪੀ ਮਨਿੰਦਰ ਸਿੰਘ ਨੂੰ ਅੰਬਾਲਾ ਦੀ ਸੈਂਟਰਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ ਅਤੇ ਉਸ ਦੀ ਪੁੱਛਗਿੱਛ ਤੋਂ ਦੋ ਹੋਰ ਵਿਅਕਤੀ ਨਵੀਨ ਸ਼ਰਮਾ ਤੇ ਅਨਿਲ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ, ਜਿਹਨਾਂ ਦਾ ਮਾਨਯੋਗ ਅਦਾਲਤ ਪਾਸੋਂ ਤਿੰਨ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ ਤੇ ਇਨ੍ਹਾਂ ਕਥਿਤ ਆਰੋਪੀਆਂ 'ਤੇ ਖਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ।
ਕਥਿਤ ਆਰੋਪੀ ਅਨਿਲ ਪਾਸੋਂ ਇੱਕ ਮਨਿੰਦਰ ਸਿੰਘ ਨਾਮਕ ਵਿਅਕਤੀ ਦੀ ਪਾਸ ਬੁੱਕ ਬਰਾਮਦ ਕੀਤੀ ਗਈ ਹੈ, ਜਿਸ ਖਾਤੇ ਵਿੱਚ ਠੱਗੀ ਦੇ ਕਰੀਬ ਚਾਰ ਲੱਖ ਰੁਪਏ ਜਮਾਂ ਕਰਾਏ ਗਏ ਸਨ। ਉਹਨਾਂ ਦੱਸਿਆ ਕਿ ਨਵੀਨ ਸ਼ਰਮਾ ਫਰਾਡ ਦੇ ਪੈਸੇ ਬੈਂਕਾਂ ਵਿੱਚ ਜਮਾ ਕਰਵਾਉਣ ਲਈ ਨਵੇਂ ਨਵੇਂ ਬੰਦਿਆਂ ਨੂੰ ਲੱਭ ਕੇ ਲਾਲਚ ਦੇ ਕੇ ਬੈਂਕਾਂ ਵਿੱਚ ਖਾਤੇ ਖੁਲਵਾਉਣ ਦਾ ਕੰਮ ਕਰਦਾ ਸੀ, ਜਦਕਿ ਅਨਿਲ ਜਿਸ ਵਿਅਕਤੀ ਦੇ ਖਾਤੇ ਵਿੱਚ ਆਨਲਾਈਨ ਫਰਾਡ ਦੇ ਪੈਸੇ ਜਮ੍ਹਾਂ ਹੁੰਦੇ ਸਨ, ਉਸ ਵਿਅਕਤੀ ਨੂੰ ਬੈਂਕ ਵਿੱਚ ਨਾਲ ਲਿਜਾ ਕੇ ਪੈਸੇ ਕਢਵਾਉਣ ਦਾ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਇਹ ਦੋਨੋਂ ਵਿਅਕਤੀ ਵੀ ਪਹਿਲਾਂ ਸਾਈਬਰ ਕ੍ਰਾਈਮ ਦੇ ਕੇਸਾਂ ਵਿੱਚ ਸੈਂਟਰਲ ਜੇਲ੍ਹ ਅੰਬਾਲਾ ਵਿਖੇ ਬੰਦ ਸਨ।
ਕੀ ਹੈ ਮਾਮਲਾ
ਪਿੰਡ ਲੁਹਾਰ ਮਾਜਰਾ ਦੇ ਹਰਪਾਲ ਸਿੰਘ ਚੀਮਾ ਵਲੋਂ ਅਣਪਛਾਤੇ ਲੋਕਾਂ ਦੁਆਰਾ ਡਿਜੀਟਲ ਗ੍ਰਿਫ਼ਤਾਰੀ ਦੀ ਧਮਕੀ ਦੇਣ ਅਤੇ ਕਥਿਤ ਤੌਰ 'ਤੇ 30 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ, ਤੇ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਮਨਿੰਦਰ ਸਿੰਘ ਨੂੰ ਨਾਮਜਦ ਕੀਤਾ ਗਿਆ। ਜਿਸ ਦੇ ਖਾਤੇ ਵਿੱਚ 4 ਲੱਖ ਦੇ ਲਗਭਗ ਰਕਮ ਜਮ੍ਹਾ ਕਰਵਾਈ ਗਈ ਸੀ। ਦੱਸ ਦਈਏ ਕਿ ਮਨਿੰਦਰ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਧੋਖਾਧੜੀ ਦੇ ਦੋਸ਼ਾਂ ਵਿੱਚ ਅੰਬਾਲਾ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਸੀ ਤੇ ਜੇਲ ਵਿੱਚੋਂ ਹੀ ਪ੍ਰੋਡਕਸ਼ਨ ਵਰੰਟ 'ਤੇ ਇਸ ਨੂੰ ਲਿਆਂਦਾ ਗਿਆ ਸੀ।
ਫਤਿਹਗੜ੍ਹ ਸਾਹਿਬ ਦੇ ਪਿੰਡ ਲੋਹਾਰੀ ਕਲਾਂ ਦੇ ਨਿਵਾਸੀ ਹਰਪਾਲ ਸਿੰਘ ਚੀਮਾ ਦੀ ਸ਼ਿਕਾਇਤ 'ਤੇ ਪੁਲਿਸ ਨੇ 10 ਅਪ੍ਰੈਲ 2025 ਨੂੰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਤਕਨੀਕੀ ਜਾਂਚ ਵਿੱਚ ਮਨਿੰਦਰ ਸਿੰਘ ਅਤੇ ਦੋ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਜਿਸ ਖਾਤੇ ਵਿੱਚ ਧੋਖਾਧੜੀ ਕੀਤੀ ਗਈ ਸੀ, ਉਸ ਵਿੱਚੋਂ ਮਨਿੰਦਰ ਸਿੰਘ ਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ। ਜਿਸ ਦੇ ਆਧਾਰ 'ਤੇ ਪੁਲਿਸ ਨੇ ਮਨਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਗਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਮਾਮਲੇ ਵਿੱਚ ਨਾਮਜ਼ਦ ਤਿੰਨ ਹੋਰ ਵਿਅਕਤੀਆਂ ਦੀ ਭਾਲ ਜਾਰੀ ਹੈ।
ਐਸਐਸਪੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡਿਜੀਟਲ ਅਰੈਸਟ ਲੱਗੀਆਂ ਕਾਲਾਂ ਤੋਂ ਸੁਚੇਤ ਰਿਹਾ ਜਾਵੇ ਤੇ ਜੇਕਰ ਕਿਸੇ ਤਰ੍ਹਾਂ ਕੋਈ ਵਿਅਕਤੀ ਝਾਂਸੇ ਵਿੱਚ ਫਸ ਜਾਂਦਾ ਹੈ ਤਾਂ 1930 'ਤੇ ਫੋਨ ਕਾਲ ਕਰਕੇ ਇਸ ਦੀ ਸੂਚਨਾ ਦਿੱਤੀ ਜਾਵੇ।
- PTC NEWS