Himachal Pickup Truck Accident : ਹਿਮਾਚਲ 'ਚ ਪੰਜਾਬ (Punjab News) ਦੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਹੈ। ਮੋਗਾ (Moga News) ਦੇ ਸ਼ਰਧਾਲੂਆਂ ਨਾਲ ਭਰੀ ਪਿਕਅਪ ਦੇ ਕਾਂਗੜਾ ਨੇੜੇ ਖੱਡ 'ਚ ਡਿੱਗਣ ਦੀ ਸੂਚਨਾ ਹੈ, ਜਿਸ ਦੌਰਾਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦਕਿ 15 ਬੱਚਿਆਂ ਸਮੇਤ 23 ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ, ਪੰਜਾਬ ਦੇ ਮੋਗਾ ਤੋਂ 29 ਸ਼ਰਧਾਲੂ ਕਾਂਗੜਾ ਦੇ ਚਾਮੁੰਡਾ ਮੰਦਰ (Chamunda Devi Mandir) ਦੇ ਦਰਸ਼ਨ ਕਰਕੇ ਵਾਪਸ ਪੰਜਾਬ ਆ ਰਹੇ ਸਨ। ਅੱਜ ਸਵੇਰੇ ਲਗਭਗ 7.30 ਵਜੇ, ਉਨ੍ਹਾਂ ਦਾ ਪਿਕਅੱਪ ਨੰਬਰ PB03Q9646 ਜਾਦਰੰਗਲ ਨੇੜੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ, ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਭੇਜ ਦਿੱਤਾ।
ਹਾਦਸੇ ਵਿੱਚ ਇੱਕ ਮਹਿਲਾ ਸ਼ਰਧਾਲੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 3 ਹੋਰਾਂ ਦੀ ਟਾਂਡਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। ਇਹ ਹਾਦਸਾ ਚਾਮੁੰਡਾ-ਧਰਮਸ਼ਾਲਾ ਸੜਕ 'ਤੇ ਇੱਕੂ ਮੋੜ 'ਤੇ ਵਾਪਰਿਆ।
ਟਾਂਡਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਮਿਲਾਪ ਸ਼ਰਮਾ ਨੇ ਦੱਸਿਆ ਕਿ 4 ਲੋਕਾਂ ਦੀ ਮੌਤ ਹੋ ਗਈ ਹੈ। 13 ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 10 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਹਾਦਸੇ ਵਿੱਚ ਮਰਨ ਵਾਲੇ ਸ਼ਰਧਾਲੂਆਂ ਦੀ ਪਛਾਣ ਲੰਬੀ ਸਿੰਘ (35) ਪੁੱਤਰ ਪ੍ਰਕਾਸ਼ ਚੰਦ ਵਾਸੀ ਬੱਗੀਕੇ, ਜਸਵੀਰ ਸਿੰਘ (35) ਪੁੱਤਰ ਬਰਿਆਮ ਸਿੰਘ ਵਾਸੀ ਬੱਗੀਕੇ, ਪਰਮਜੀਤ ਕੌਰ (40) ਪਤਨੀ ਗੁਰਮੇਲ ਸਿੰਘ ਵਾਸੀ ਬੱਗੀਕੇ ਅਤੇ ਕਿਰਨ (33) ਪਤਨੀ ਲੰਬੀ ਸਿੰਘ ਵਾਸੀ ਬੱਗੀਕੇ ਵੱਜੋਂ ਹੋਈ ਹੈ।