ਪੀ.ਐੱਮ.ਮੋਦੀ ਨੇ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਦੌਰਾਨ ਮਣੀਪੁਰ ਦਾ ਕੀਤਾ ਜ਼ਿਕਰ ਕਿਹਾ, 'ਸ਼ਾਂਤੀ ਨਾਲ ਹੱਲ ਨਿਕਲੇਗਾ...'
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਲਾਲ ਕਿਲੇ 'ਤੇ ਝੰਡਾ ਲਹਿਰਾਉਣ ਤੋਂ ਬਾਅਦ ਪੀ.ਐੱਮ ਮੋਦੀ ਨੇ ਲਾਲ ਕਿਲ੍ਹੇ ਤੋਂ ਮਣੀਪੁਰ ਦਾ ਜ਼ਿਕਰ ਕਰਦੇ ਹੋਏ ਕਿਹਾ, "ਪਿਛਲੇ ਦਿਨਾਂ 'ਚ ਮਣੀਪੁਰ 'ਚ ਹਿੰਸਾ ਦਾ ਦੌਰ ਚੱਲ ਰਿਹਾ ਸੀ। ਮਾਵਾਂ-ਧੀਆਂ ਦੀ ਇੱਜ਼ਤ ਨਾਲ ਖੇਡਿਆ ਗਿਆ ਪਰ ਅੱਜ ਉੱਥੇ ਸਥਿਤੀ ਆਮ ਵਾਂਗ ਹੋ ਰਹੀ ਹੈ। ਸ਼ਾਂਤੀ ਵਾਪਸ ਆ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਸ਼ਾਂਤੀ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ ਦੇਸ਼ ਮਨੀਪੁਰ ਦੇ ਲੋਕਾਂ ਦੇ ਨਾਲ ਹੈ,"
ਉਨ੍ਹਾਂ ਅੱਗੇ ਕਿਹਾ, "ਕੇਂਦਰ ਅਤੇ ਰਾਜ ਸਰਕਾਰ ਮਿਲ ਕੇ ਸਮੱਸਿਆਵਾਂ ਦੇ ਹੱਲ ਲਈ ਬਹੁਤ ਉਪਰਾਲੇ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਜਦੋਂ ਅਸੀਂ ਇਤਿਹਾਸ 'ਤੇ ਨਜ਼ਰ ਮਾਰਦੇ ਹਾਂ ਤਾਂ ਕੁਝ ਪਲ ਅਜਿਹੇ ਹੁੰਦੇ ਹਨ ਜੋ ਆਪਣੀ ਛਾਪ ਛੱਡ ਜਾਂਦੇ ਹਨ। ਇਸ ਦਾ ਪ੍ਰਭਾਵ ਸਦੀਆਂ ਤੱਕ ਰਹਿੰਦਾ ਹੈ। ਸ਼ੁਰੂ ਵਿੱਚ ਇਹ ਘਟਨਾ ਛੋਟੀ ਜਾਪਦੀ ਹੈ। ਪਰ ਇਹ ਹੋਰ ਸਮੱਸਿਆਵਾਂ ਦੀ ਜੜ੍ਹ ਬਣ ਜਾਂਦੀ ਹੈ। ਇੱਕ ਹਜ਼ਾਰ ਬਾਰਾਂ ਸੌ ਸਾਲ ਪਹਿਲਾਂ ਇਸ ਦੇਸ਼ ਉੱਤੇ ਹਮਲਾ ਹੋਇਆ ਸੀ। ਪਰ ਉਦੋਂ ਇਹ ਵੀ ਨਹੀਂ ਸੀ ਪਤਾ ਕਿ ਇੱਕ ਘਟਨਾ ਦੇਸ਼ 'ਤੇ ਅਜਿਹਾ ਪ੍ਰਭਾਵ ਪਾਵੇਗੀ ਕਿ ਅਸੀਂ ਗੁਲਾਮ ਹੋ ਗਏ"
ਪੀਐਮ ਮੋਦੀ ਨੇ ਕਿਹਾ, "ਅਸੀਂ ਜੋ ਵੀ ਫੈਸਲਾ ਲੈਂਦੇ ਹਾਂ ਉਹ 1000 ਸਾਲ ਤੱਕ ਸਾਡੀ ਕਿਸਮਤ ਲਿਖਣ ਵਾਲਾ ਹੈ ਮੈਂ ਦੇਸ਼ ਦੇ ਪੁੱਤਰਾਂ ਅਤੇ ਧੀਆਂ ਨੂੰ ਕਹਿਣਾ ਚਾਹੁੰਦਾ ਹਾਂ ਅੱਜ ਜੋ ਕਿਸਮਤ ਮਿਲੀ ਹੈ ਇਸਨੂੰ ਨਾ ਗਵਾਓ ਮੈਨੂੰ ਯੁਵਾ ਸ਼ਕਤੀ 'ਤੇ ਵਿਸ਼ਵਾਸ ਹੈ ਅੱਜ ਮੇਰੇ ਨੌਜਵਾਨਾਂ ਨੇ ਦੁਨੀਆ ਦੇ ਪਹਿਲੇ ਤਿੰਨ ਸਟਾਰਟਅੱਪ ਈਕੋਸਿਸਟਮ ਵਿੱਚ ਜਗ੍ਹਾ ਦਵਾਈ ਹੈ। ਭਾਰਤ ਦੀ ਇਸ ਤਾਕਤ ਨੂੰ ਦੇਖ ਕੇ ਦੁਨੀਆ ਹੈਰਾਨ ਹੈ"
ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਵਧਾ ਕੇ 25,000 ਕਰਨ ਦੀ ਯੋਜਨਾ ਹੈ:
ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੀ ‘ਜਨ ਔਸ਼ਧੀ ਕੇਂਦਰਾਂ’ ਦੀ ਗਿਣਤੀ 10,000 ਤੋਂ ਵਧਾ ਕੇ 25,000 ਕਰਨ ਦੀ ਯੋਜਨਾ ਹੈ। ਸਭ ਨੂੰ ਸਸਤੀਆਂ ਜੈਨਰਿਕ ਦਵਾਈਆਂ ਉਪਲਬਧ ਕਰਵਾਉਣ ਲਈ 'ਜਨ ਔਸ਼ਧੀ ਕੇਂਦਰ' ਸਥਾਪਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਸਾਡੇ 'ਇਕ ਸੂਰਜ, ਇਕ ਵਿਸ਼ਵ ਅਤੇ ਇਕ ਹਰੇ' ਦੇ ਫਲਸਫੇ ਨਾਲ ਜੁੜ ਰਹੀ ਹੈ। ਸਿਹਤ ਦੇ ਸੰਮਲਿਤ ਵਿਕਾਸ ਲਈ ਸਾਡਾ ਸਟੈਂਡ 'ਇਕ ਧਰਤੀ, ਇਕ ਸਿਹਤ' ਹੈ। ਜੀ-20 ਲਈ ਵੀ ਅਸੀਂ 'ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ' ਦੇ ਮੰਤਰ ਨਾਲ ਜਾ ਰਹੇ ਹਾਂ।
ਦੁਨੀਆ ਨੇ ਕੋਰੋਨਾ ਦੌਰਾਨ ਭਾਰਤ ਦੀ ਸੰਭਾਵਨਾ ਦੇਖੀ:
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਨੇ ਕੋਵਿਡ ਮਹਾਂਮਾਰੀ ਦੇ ਸੰਕਟ ਦੌਰਾਨ ਭਾਰਤ ਦੀ ਸਮਰੱਥਾ ਦੇਖੀ ਹੈ। ਉਨ੍ਹਾਂ ਕਿਹਾ, ''ਜਦੋਂ ਦੂਜੇ ਦੇਸ਼ਾਂ ਦੀਆਂ ਸਪਲਾਈ ਚੇਨ ਵਿਘਨ ਪਈਆਂ ਸਨ, ਤਾਂ ਅਸੀਂ ਵਿਸ਼ਵ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਮਨੁੱਖੀ-ਕੇਂਦਰਿਤ ਪਹੁੰਚ ਦੀ ਵਕਾਲਤ ਕੀਤੀ ਸੀ।'' ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਕ ਵੱਖਰਾ ਆਯੂਸ਼ ਵਿਭਾਗ ਸਥਾਪਿਤ ਕੀਤਾ ਹੈ ਅਤੇ ਹੁਣ ਦੁਨੀਆ ਆਯੁਸ਼ ਅਤੇ ਯੋਗ 'ਤੇ ਧਿਆਨ ਦੇ ਰਹੀ ਹੈ।
ਭਾਰਤ ਦੁਨੀਆ ਦਾ ਦੋਸਤ ਬਣ ਕੇ ਉਭਰਿਆ ਹੈ - ਪ੍ਰਧਾਨ ਮੰਤਰੀ ਮੋਦੀ
ਉਨ੍ਹਾਂ ਕਿਹਾ, ''ਸਾਡੀ ਵਚਨਬੱਧਤਾ ਕਾਰਨ ਦੁਨੀਆ ਹੁਣ ਸਾਡੇ ਵੱਲ ਦੇਖ ਰਹੀ ਹੈ।'' ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਭਾਰਤ ''ਵਿਸ਼ਵ ਮਿੱਤਰ'' (ਦੁਨੀਆ ਦਾ ਮਿੱਤਰ) ਬਣ ਕੇ ਉਭਰਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਕੋਵਿਡ ਤੋਂ ਬਾਅਦ, ਭਾਰਤ ਨੇ 'ਇੱਕ ਧਰਤੀ, ਇੱਕ ਹੈਲਥਕੇਅਰ' ਪਹੁੰਚ ਦੀ ਵਕਾਲਤ ਕੀਤੀ। ਸਮੱਸਿਆਵਾਂ ਤਾਂ ਹੀ ਹੱਲ ਕੀਤੀਆਂ ਜਾ ਸਕਦੀਆਂ ਹਨ ਜਦੋਂ ਮਨੁੱਖਾਂ, ਜਾਨਵਰਾਂ ਅਤੇ ਪੌਦਿਆਂ ਨੂੰ ਬਿਮਾਰੀਆਂ ਦੇ ਸਬੰਧ ਵਿੱਚ ਬਰਾਬਰ ਸਮਝਿਆ ਜਾਂਦਾ ਹੈ।''
ਮਾਹਰ ਦੇ ਮੁਤਾਬਿਕ ਭਾਰਤ ਰੁਕਣ ਵਾਲਾ ਨਹੀਂ ਹੈ:
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੀ ਤਾਕਤ ਅਤੇ ਆਤਮ ਵਿਸ਼ਵਾਸ ਨਵੀਆਂ ਉਚਾਈਆਂ ਨੂੰ ਪਾਰ ਕਰਨ ਜਾ ਰਿਹਾ ਹੈ। ਅੱਜ ਦੇਸ਼ ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ। ਇਸ ਕਾਰਨ ਆਮ ਆਦਮੀ ਦੀ ਸ਼ਕਤੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਭਾਰਤ ਨੂੰ ਜਾਣਨ ਅਤੇ ਸਮਝਣ ਦੀ ਲੋੜ ਵਧ ਗਈ ਹੈ। ਭਾਰਤ ਦੀ ਬਰਾਮਦ ਤੇਜ਼ੀ ਨਾਲ ਵਧੀ ਹੈ। ਮਾਹਿਰ ਕਹਿ ਰਹੇ ਹਨ ਕਿ ਭਾਰਤ ਰੁਕਣ ਵਾਲਾ ਨਹੀਂ ਹੈ। ਕਰੋਨਾ ਦੇ ਦੌਰ ਤੋਂ ਬਾਅਦ ਦੁਨੀਆ ਨੇ ਨਵੇਂ ਸਿਰੇ ਤੋਂ ਸੋਚਣਾ ਸ਼ੁਰੂ ਕਰ ਦਿੱਤਾ ਹੈ।
ਪੀਐਮ ਮੋਦੀ ਨੇ ਕੁਰਬਾਨੀਆਂ ਦੇਣ ਵਾਲਿਆਂ ਨੂੰ ਕੀਤਾ ਸਲਾਮ:
ਇਸ ਤੋਂ ਪਹਿਲਾਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਆਬਾਦੀ ਦੇ ਲਿਹਾਜ਼ ਨਾਲ ਵੀ ਅਸੀਂ ਨੰਬਰ ਵਨ ਦੇਸ਼ ਹਾਂ। ਅੱਜ ਅਸੀਂ ਆਜ਼ਾਦੀ ਦਾ ਤਿਉਹਾਰ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਅਣਗਿਣਤ ਵੀਰਾਂ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ।
- PTC NEWS