ਪੰਜਾਬ ਰਾਜਪਾਲ, ਸੁਖਬੀਰ ਸਿੰਘ ਬਾਦਲ, ਪ੍ਰਤਾਪ ਬਾਜਵਾ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਫੌਜਾ ਸਿੰਘ ਦੀ ਮੌਤ 'ਤੇ ਪ੍ਰਗਟਾਇਆ ਦੁੱਖ
Fauja Singh Passed Away : 114 ਸਾਲਾਂ ਬਜ਼ੁਰਗ ਸਿੱਖ ਦੌੜਾਕ ਫੌਜਾ ਸਿੰਘ ਦੀ ਬੀਤੀ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਬਜ਼ੁਰਗ ਦੌੜਾਕ ਦੀ ਮੌਤ 'ਤੇ ਵੱਖ-ਵੱਖ ਧਾਰਮਿਕ, ਸਿਆਸੀ ਅਤੇ ਪੰਥਕ ਸ਼ਖਸੀਅਤਾਂ ਨੇ ਉਨ੍ਹਾਂ ਦੀ ਇਸ ਤਰ੍ਹਾਂ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਲੋਕਾਂ ਦੇ ਦਿਲਾਂ 'ਚ ਜਿੰਦਾ ਰਹੇਗੀ ਫੌਜਾ ਸਿੰਘ ਦੀ ਵਿਰਾਸਤ : ਰਾਜਪਾਲ
ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਮਹਾਨ ਮੈਰਾਥਨ ਦੌੜਾਕ ਅਤੇ ਦ੍ਰਿੜ੍ਹਤਾ ਤੇ ਆਸ਼ਾ ਦੇ ਚਿਰ ਸਥਾਈ ਪ੍ਰਤੀਕ ਸਰਦਾਰ ਫੌਜਾ ਸਿੰਘ ਜੀ ਦੇ ਦੇਹਾਂਤ 'ਤੇ ਅਤਿਅੰਤ ਦੁਖ ਹੋਇਆ।
114 ਸਾਲ ਦੀ ਉਮਰ ਵਿੱਚ ਵੀ, ਉਹ ਆਪਣੀ ਸ਼ਕਤੀ ਅਤੇ ਪ੍ਰਤੀਬੱਧਤਾ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹੇ। ਮੈਨੂੰ ਦਸੰਬਰ 2024 ਵਿੱਚ ਉਨ੍ਹਾਂ ਦੇ ਪਿੰਡ ਬਿਆਸ, ਜ਼ਿਲ੍ਹਾ ਜਲੰਧਰ ਤੋਂ ਦੋ ਦਿਨੀਂ 'ਨਸ਼ਾ ਮੁਕਤ - ਰੰਗਲਾ ਪੰਜਾਬ' ਮਾਰਚ ਦੇ ਦੌਰਾਨ ਉਨ੍ਹਾਂ ਦੇ ਨਾਲ ਚਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਸ ਸਮੇਂ ਵੀ, ਉਨ੍ਹਾਂ ਦੀ ਮੌਜੂਦਗੀ ਨੇ ਇਸ ਅੰਦੋਲਨ ਵਿੱਚ ਅਦੁੱਤੀ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕੀਤਾ।
ਇਹ ਜਾਣ ਕੇ ਅਤਿਅੰਤ ਦੁਖ ਹੋਇਆ ਕਿ ਅੱਜ ਉਨ੍ਹਾਂ ਦੇ ਪਿੰਡ ਵਿੱਚ ਇੱਕ ਦੁਖਦ ਸੜਕ ਹਾਦਸੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਹਾਲਾਂਕਿ, ਉਨ੍ਹਾਂ ਦੀ ਵਿਰਾਸਤ ਇੱਕ ਤੰਦਰੁਸਤ ਅਤੇ ਨਸ਼ਾ ਮੁਕਤ ਪੰਜਾਬ ਦੇ ਲਈ ਸੰਘਰਸ਼ ਕਰ ਰਹੇ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ। ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀਆਂ ਹਾਰਦਿਕ ਸੰਵੇਦਨਾਵਾਂ। ਉਨ੍ਹਾਂ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਮਿਲੇ।
''ਪੰਜਾਬ ਅਤੇ ਦੁਨੀਆ ਨੇ ਇੱਕ ਮਹਾਨ ਹਸਤੀ ਗੁਆ ਦਿੱਤੀ''Punjab & the world has lost a legend in the tragic passing away of iconic athlete S. Fauja Singh in a road accident in his native village in Jalandhar at the age of 114 years.
I join his fans across the globe in bidding adieu to him. Fauja Singh Ji inspired millions with his… pic.twitter.com/JDWhUUX8oz — Sukhbir Singh Badal (@officeofssbadal) July 14, 2025
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, ''ਪੰਜਾਬ ਅਤੇ ਦੁਨੀਆ ਨੇ ਇੱਕ ਮਹਾਨ ਹਸਤੀ ਗੁਆ ਦਿੱਤੀ ਹੈ। ਮੈਂ ਦੁਨੀਆ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੰਦਾ ਹਾਂ। ਫੌਜਾ ਸਿੰਘ ਜੀ ਨੇ ਆਪਣੀ ਅਦੁੱਤੀ ਭਾਵਨਾ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ। ਉਹ ਆਪਣੀ ਮੌਤ ਤੋਂ ਬਾਅਦ ਵੀ ਅਜਿਹਾ ਕਰਦੇ ਰਹਿਣਗੇ। ਉਨ੍ਹਾਂ ਦੇ ਜੀਵਨ ਨੇ ਸਾਨੂੰ ਇੱਕ ਮਹੱਤਵਪੂਰਨ ਸਬਕ ਸਿਖਾਇਆ - ਕਿ ਕੁਝ ਵੀ ਅਸੰਭਵ ਨਹੀਂ ਹੈ। ਸਾਨੂੰ ਸਿਰਫ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣ ਦੀ ਲੋੜ ਹੈ।''
ਸਾਡੇ ਦਿਲਾਂ ਅਤੇ ਚੇਤਿਆਂ 'ਚ ਜਿਉਂਦੇ ਰਹਿਣਗੇ : ਸੀਐਮ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, ''ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ। ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਦਿਲਾਂ ਅਤੇ ਚੇਤਿਆਂ 'ਚ ਜਿਉਂਦੇ ਰਹਿਣਗੇ। ਪਰਿਵਾਰ ਤੇ ਚਾਹੁੰਣ ਵਾਲਿਆਂ ਨਾਲ ਦਿਲੋਂ ਹਮਦਰਦੀ। ਪਰਮਾਤਮਾ ਉਹਨਾਂ ਦੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ਣ।
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ''ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਜੀ ਦੇ ਦੇਹਾਂਤ 'ਤੇ ਬਹੁਤ ਦੁੱਖ ਹੋਇਆ। 114 ਸਾਲ ਦੀ ਉਮਰ ਵਿੱਚ, ਉਹ ਲਚਕਤਾ ਅਤੇ ਉਮੀਦ ਲਈ ਪ੍ਰੇਰਨਾ ਬਣੇ ਰਹੇ। ਪੰਜਾਬ ਅਤੇ ਦੁਨੀਆ ਉਨ੍ਹਾਂ ਦੇ ਸ਼ਾਨਦਾਰ ਜੀਵਨ ਨੂੰ ਸਲਾਮ ਕਰਦੀ ਹੈ।''Deeply saddened by the passing of Sardar Fauja Singh ji, the world’s oldest marathon runner. At 114, he remained an inspiration for resilience & hope. Punjab & the world salute his incredible life. pic.twitter.com/gGnhfMxsB6 — Partap Singh Bajwa (@Partap_Sbajwa) July 15, 2025
ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕੀਤਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜਾ ਸਿੰਘ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਲਿਖਿਆ, 'ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਜੀ ਦੀ 114 ਸਾਲ ਦੀ ਉਮਰ ਵਿੱਚ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦਾ ਅਸਾਧਾਰਨ ਜੀਵਨ ਅਤੇ ਅਟੁੱਟ ਹਿੰਮਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।'
ਇਸਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ ਸਮੇਤ ਵੱਖ ਵੱਖ ਸ਼ਖਸੀਅਤਾਂ ਨੇ ਵੀ ਆਪਣੇ-ਆਪਣੇ ਢੰਗ ਨਾਲ ਫੌਜਾ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
- PTC NEWS