ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ , 14 ਅਗਸਤ ਪੰਜਾਬ ਭਰ ਸਰਕਾਰੀ ਬੱਸਾਂ ਦਾ ਚੱਕਾ ਜਾਮ
Punjab Bus News : ਜੇਕਰ ਤੁਸੀਂ ਸਰਕਾਰੀ ਬੱਸਾਂ 'ਚ ਸਫਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। 14 ਅਗਸਤ ਯਾਨੀ ਕੱਲ ਤੋਂ ਪੂਰੇ ਪੰਜਾਬ 'ਚ ਅਣਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ 'ਚ ਸਰਕਾਰੀ ਬੱਸਾਂ ਮੁਕੰਮਲ ਤੌਰ 'ਤੇ ਬੰਦ ਰਹਿਣਗੀਆਂ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕੱਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਜਿੱਥੇ -ਜਿੱਥੇ ਝੰਡਾ ਲਹਿਰਾਉਣਗੇ, ਉੱਥੇ ਕਾਲੇ ਚੋਲੇ ਪਾ ਕੇ ਵਿਰੋਧ ਕੀਤਾ ਜਾਏਗਾ। ਕੰਟਰੈਕਟ ਵਰਕਰਜ਼ ਯੂਨੀਅਨ ਨੇ ਕਿਹਾ ਕਿ ਜਦੋਂ ਮੈਨੇਜਮੈਂਟ ਵੱਲੋਂ ਮੰਗਾਂ ਹੱਲ ਕੀਤੀਆਂ ਜਾਣਗੀਆਂ, ਉਸ ਤੋਂ ਬਾਅਦ ਹੀ ਹੜਤਾਲ ਨੂੰ ਖੋਲਿਆ ਜਾਵੇਗਾ। ਯੂਨੀਅਨ ਦੇ ਮੰਗ ਪੱਤਰ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਠੇਕੇਦਾਰ ਵਿਚੋਲਿਆਂ ਦੀ ਗੁਲਾਮੀ ਖਤਮ ਕਰਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਕਾਫੀ ਮੰਗਾਂ ਸ਼ਾਮਿਲ ਹਨ।
ਕਰਮਚਾਰੀਆਂ ਦਾ ਆਰੋਪ ਹੈ ਕਿ ਸਰਕਾਰ ਨੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਰੱਦ ਕਰਨ, ਤਨਖਾਹ ਨੂੰ ਅੰਤਿਮ ਰੂਪ ਦੇਣ ਅਤੇ ਮੰਨੀਆਂ ਗਈਆਂ ਮੰਗਾਂ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਹੈ। ਇਸੇ ਲਈ ਉਨ੍ਹਾਂ ਨੇ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਸਾਰੇ ਕਰਮਚਾਰੀ ਆਪਣੀਆਂ ਬੱਸਾਂ ਨਜ਼ਦੀਕੀ ਬੱਸ ਅੱਡੇ 'ਤੇ ਰੋਕ ਦੇਣਗੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਜਲਦੀ ਕਾਰਵਾਈ ਨਹੀਂ ਕੀਤੀ ਤਾਂ ਉਹ ਬੱਸਾਂ ਸੜਕ 'ਤੇ ਖੜ੍ਹੀਆਂ ਕਰਕੇ ਸੜਕ ਜਾਮ ਕਰ ਦੇਣਗੇ।
ਦੱਸ ਦਈਏ ਕਿ ਪੀਆਰਟੀਸੀ ਦੀਆਂ ਬੱਸਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ, ਉਤਰਾਖੰਡ ਅਤੇ ਉਤਰਾਖੰਡ ਸਮੇਤ 577 ਰੂਟਾਂ 'ਤੇ ਚੱਲਦੀਆਂ ਹਨ। ਇਹ ਰੋਜ਼ਾਨਾ ਲਗਭਗ 355827 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਇੱਥੇ ਕੁੱਲ 3065 ਕਰਮਚਾਰੀ ਹਨ ,ਜਿਨ੍ਹਾਂ ਵਿੱਚੋਂ 1310 ਨਿਯਮਤ ਕਰਮਚਾਰੀ ਹਨ ਅਤੇ 1755 ਆਊਟਸੋਰਸਿੰਗ ਕਰਮਚਾਰੀ ਹਨ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਦੇ ਨਾ ਚੱਲਣ ਨਾਲ ਆਮ ਲੋਕ ਸਭ ਤੋਂ ਵੱਧ ਪ੍ਰੇਸ਼ਾਨ ਹੋਣਗੇ।
- PTC NEWS