ਗਰੀਸ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਡਾ. ਓਬਰਾਏ ਦੇ ਯਤਨਾਂ ਸਦਕਾ ਪਿੰਡ ਪਹੁੰਚੀ ਹਰਜਿੰਦਰ ਸਿੰਘ ਦੀ ਦੇਹ
Punjabi Youth died in Greece : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (SBS Nagar News) ਦੀ ਤਹਿਸੀਲ ਬਲਾਚੌਰ ਨੇੜਲੇ ਪਿੰਡ ਧੌਲ ਨਾਲ ਸਬੰਧਿਤ 48 ਸਾਲਾ ਹਰਜਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਦਾ ਮ੍ਰਿਤਕ ਸਰੀਰ ਅੱਜ ਤੜਕਸਾਰ ਗਰੀਸ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਣ ਉਪਰੰਤ ਸਰਬੱਤ ਦਾ ਭਲਾ ਟਰੱਸਟ (Sarbat Da Bhala Trust) ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ (SP Singh Oberoi) ਨੇ ਦੱਸਿਆ ਹਰਜਿੰਦਰ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਕਰੀਬ ਪਿਛਲੇ 20 ਸਾਲਾਂ ਤੋਂ ਗਰੀਸ ਵਿਖੇ ਮਿਹਨਤ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਉਨ੍ਹਾਂ ਦੀ ਅੰਮ੍ਰਿਤਸਰ ਟੀਮ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਬੀਤੀ 14 ਜੁਲਾਈ ਨੂੰ ਗਰੀਸ ਅੰਦਰ ਹੋਏ ਇੱਕ ਦਰਦਨਾਕ ਮੋਟਰਸਾਈਕਲ ਹਾਦਸੇ ਦੌਰਾਨ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜ੍ਹਤ ਪਰਿਵਾਰ ਦੀ ਹਾਜ਼ਰੀ 'ਚ ਟਰੱਸਟ ਦੇ ਨੁੰਮਾਇਦੇ ਰਾਜਬੀਰ ਸਿੰਘ ਵੱਲੋਂ ਪ੍ਰਾਪਤ ਕਰਕੇ ਟਰੱਸਟ ਦੀ 'ਮੁਫ਼ਤ ਐਂਬੂਲੈਂਸ ਸੇਵਾ' ਰਾਹੀਂ ਉਸ ਦੇ ਘਰ ਤੱਕ ਭੇਜਿਆ ਗਿਆ ਹੈ।
ਡਾ.ਉਬਰਾਏ ਨੇ ਇਹ ਵੀ ਦੱਸਿਆ ਕਿ ਹਰਜਿੰਦਰ ਆਪਣੇ ਪਿੱਛੇ ਕਰੀਬ 95 ਸਾਲਾ ਬਜ਼ੁਰਗ ਮਾਪਿਆਂ ਤੋਂ ਇਲਾਵਾ ਆਪਣੀ ਪਤਨੀ,ਧੀ ਤੇ ਪੁੱਤਰ ਨੂੰ ਰੋਂਦਿਆਂ ਕੁਰਲਾਂਦਿਆਂ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੀ ਸਬੰਧਿਤ ਜ਼ਿਲ੍ਹਾ ਟੀਮ ਵੱਲੋਂ ਜਲਦ ਹੀ ਪਰਿਵਾਰ ਦੀ ਆਰਥਿਕ ਹਾਲਤ ਤੋਂ ਜਾਣੂ ਕਰਵਾਉਣ ਉਪਰੰਤ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਲੋੜ ਅਨੁਸਾਰ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਡਾ.ਉਬਰਾਏ ਦੀ ਸਰਪ੍ਰਸਤੀ ਹੇਠ ਹੁਣ ਤੱਕ 421 ਦੇ ਕਰੀਬ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਅਤੇ ਪਿਛਲੇ ਕੁਝ ਅਰਸੇ ਤੋਂ ਹਵਾਈ ਅੱਡਾ ਅੰਮ੍ਰਿਤਸਰ ਤੋਂ ਮਿਤ੍ਰਕ ਸਰੀਰ ਘਰਾਂ ਤੱਕ ਪਹੁੰਚਣ ਲਈ ਮੁਫ਼ਤ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ।
ਇਸ ਦੌਰਾਨ ਹਵਾਈ ਅੱਡੇ ਤੇ ਮੌਜ਼ੂਦ ਮ੍ਰਿਤਕ ਦੇ ਚਚੇਰੇ ਭਰਾ ਹਰਨੇਕ ਸਿੰਘ, ਨਛੱਤਰ ਸਿੰਘ ਅਤੇ ਕਾਲਾ ਸਿੰਘ ਆਦਿ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਔਖੀ ਘੜੀ ਵੇਲੇ ਵੱਡੀ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
- PTC NEWS