Rajasthan High Court ਦੇ ਸਿਵਲ ਜੱਜ ਭਰਤੀ ਪ੍ਰੀਖਿਆ ’ਚ ਅੰਮ੍ਰਿਤਧਾਰੀ ਬੱਚੀ ਨੂੰ ਕਕਾਰ ਉਤਾਰਨ ਲਈ ਕਹਿ ਕੇ ਮਰਯਾਦਾ ਦੀ ਕੀਤੀ ਉਲੰਘਣ : ਬਡੂੰਗਰ
Patiala News : ਬੀਤੇ ਦਿਨੀਂ ਰਾਜਸਥਾਨ ਦੇ ਜੈਪੁਰ ‘ਚ ਸਿਵਲ ਜੱਜ ਦੀ ਪ੍ਰੀਖਿਆ ਦੌਰਾਨ ਸਿੱਖ ਬੱਚੀ ਨੂੰ ਕਕਾਰਾਂ ਕਰਕੇ ਪ੍ਰੀਖਿਆ ਦੇਣ ਤੋਂ ਰੋਕਣ ਦੇ ਮਸਲੇ ‘ਤੇ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁ. ਪ੍ਰ. ਕਮੇਟੀ ਅਤੇ ਸੁਰਜੀਤ ਸਿੰਘ ਗੜ੍ਹੀ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਘਟਨਾ ਦੀ ਦੋਵਾਂ ਹੀ ਪੰਥਕ ਸ਼ਖ਼ਸੀਅਤਾਂ ਵੱਲੋਂ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ ਹੈ। ਜ਼ਿਕਰ ਏ ਖ਼ਾਸ ਹੈ ਕਿ ਰਾਜਸਥਾਨ ਦੀ ਪੂਰਨਿਮਾਂ ਯੂਨੀਵਰਸਿਟੀ, ਜੈਪੁਰ ਵੱਲੋਂ ਤਰਨਤਾਰਨ ਸਾਹਿਬ ਦੀ ਗੁਰਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਵਿੱਚ ਬੈਠਣ ਤੋਂ ਇਸ ਕਰਕੇ ਰੋਕ ਦਿੱਤਾ ਗਿਆ ਕਿ ਉਸਨੇ ਕੜਾ ਅਤੇ ਕਿਰਪਾਨ ਪਾਈ ਹੋਈ ਸੀ, ਜੋ ਕਿ ਸਿੱਖ ਕੌਮ ਦੇ ਕਕਾਰ ਹਨ।
ਇਸ ਦੀ ਨਿੰਦਾ ਕਰਦਿਆਂ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਦੇਸ਼ ਦੀ ਸਭ ਤੋਂ ਬਹਾਦਰ ਕੌਮ ਹੈ। ਜਿਸ ਨੇ ਆਜ਼ਾਦੀ ਦੇ ਘੋਲ ‘ਚ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਦੇਸ਼ ਨੂੰ ਅਜ਼ਾਦ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਵੀ ਸਿੱਖ ਕਕਾਰਾਂ ਦੀ ਆਜ਼ਾਦੀ ਦਿੰਦਾ ਹੈ ਪਰ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿੱਥੇ ਸਿੱਖ ਬੱਚਿਆਂ ਨੂੰ ਕਕਾਰ ਪਹਿਨਣ ਤੋਂ ਰੋਕਿਆ ਜਾਂਦਾ ਹੈ। ਪ੍ਰੋ: ਬਡੂੰਗਰ ਅਨੁਸਾਰ ਇਸ ਤਰੀਕੇ ਬੱਚੀ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨਾ ਸਿੱਖ ਮਰਯਾਦਾ ਦਾ ਉਲੰਘਣ ਹੈ।
ਉਨ੍ਹਾਂ ਕਿਹਾ ਕਿ ਤੁਰੰਤ ਪ੍ਰਭਾਵ ਅਧੀਨ ਅਜਿਹੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਤਿਹਾਸ ਦੀਆਂ ਘਟਨਾਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸ ਤਰੀਕੇ ਇਨ੍ਹਾਂ ਕਕਾਰਾਂ ਲਈ ਸਿੱਖਾਂ ਨੇ ਸ਼ਹਾਦਤਾਂ ਦੇ ਦਿੱਤੀਆਂ। ਸਿੱਖ ਕਕਾਰ ਹਰ ਸਿੱਖ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹਨ । ਜਿਸ ਨੂੰ ਸਿੱਖ ਹਮੇਸ਼ਾ ਆਪਣੇ ਨਾਲ ਰੱਖਦਾ ਹੈ। ਅਜਿਹੇ ਵਿੱਚ ਬੱਚੀ ਨਾਲ ਜੋ ਵਾਪਰਿਆ ਹੈ ਉਹ ਜਿੱਥੇ ਅਤਿ ਨਿੰਦਣਯੋਗ ਹੈ ਤਾਂ ਉੱਥੇ ਹੀ ਭਾਰਤ ਸਰਕਾਰ ਨੂੰ ਇਸ ਬਾਰੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਇਹ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਸੁਰਜੀਤ ਸਿੰਘ ਗੜ੍ਹੀ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਸ. ਗੜ੍ਹੀ ਦਾ ਕਹਿਣਾ ਹੈ ਕਿ ਸਰਕਾਰਾਂ ਕਹਿੰਦੀਆਂ ਕੁਝ ਹਨ ਅਤੇ ਕਰਦੀਆਂ ਕੁਝ ਹੋਰ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਤਾਂ ਦੂਜੇ ਪਾਸੇ ਇਸੇ ਦੇਸ਼ ਅੰਦਰ ਸਿੱਖਾਂ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੈ। ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਗੁਰੂ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਾ ਕੁਰਬਾਨ ਕਰ ਦਿੱਤਾ ਤਾਂ ਦੂਜੇ ਪਾਸੇ ਇਸੇ ਦੇਸ਼ ਅੰਦਰ ਹੀ ਸਿੱਖਾਂ ਤੋਂ ਉਨ੍ਹਾਂ ਦੇ ਮੁੱਢਲੇ ਅਧਿਕਾਰ ਖੋਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਜਿੱਥੇ ਬੱਚੀ ਗੁਰਪ੍ਰੀਤ ਕੌਰ ਦਾ ਸੁਪਨਾ ਟੁੱਟਿਆ ਹੈ ਤਾਂ ਉੱਥੇ ਹੀ ਸਿੱਖ ਮਰਯਾਦਾ ਦਾ ਵੀ ਉਲੰਘਣ ਹੋਇਆ ਹੈ। ਸ. ਗੜ੍ਹੀ ਅਨੁਸਾਰ ਹੁਣ ਚਾਹੀਦਾ ਹੈ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਜਿੱਥੇ ਸਖ਼ਤ ਕਾਰਵਾਈ ਹੋਵੇ ਤਾਂ ਬੱਚੀ ਦੇ ਇਮਤਿਹਾਨ ਦਾ ਵੀ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਸਰਕਾਰ ਨੂੰ ਇਸ ਮਸਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਹੱਲ ਕਰਨ ਲਈ ਕਿਹਾ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ।
- PTC NEWS