Punjab News : ਟਰਾਂਸਪੋਰਟ ਵਿਭਾਗ ਦਾ ਵੱਡਾ ਕਾਰਨਾਮਾ ,ਮ੍ਰਿਤਕ ਵਿਅਕਤੀ ਨੂੰ ਜਾਰੀ ਕੀਤਾ ਬੱਸ ਦਾ ਪਰਮਿਟ
Punjab News : ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿਣ ਵਾਲਾ ਟਰਾਂਸਪੋਰਟ ਵਿਭਾਗ ਅੱਜ ਫਿਰ ਸੁਰਖੀਆਂ ਵਿੱਚ ਹੈ ਕਿਉਂਕਿ ਬਠਿੰਡਾ ਟਰਾਂਸਪੋਰਟ ਵਿਭਾਗ ਦੇ ਬਾਹਰ ਵੱਡੀ ਗਿਣਤੀ ਵਿੱਚ ਸਰਦੂਲਗੜ੍ਹ ਤੋਂ ਆਏ ਟ੍ਰਾਂਸਪੋਰਟਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਟਰਾਂਸਪੋਰਟ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾਏ ਜਾ ਰਹੇ ਹਨ।
ਬਠਿੰਡਾ ਟਰਾਂਸਪੋਰਟ ਵਿਭਾਗ ਦੇ ਦਫਤਰ ਬਾਹਰ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਸੁਭਾਸ਼ ਕੁਮਾਰ ਨੇ ਦੱਸਿਆ ਕਿ ਉਹ ਸਰਦੂਲਗੜ੍ਹ ਵਿਖੇ ਟਰਾਂਸਪੋਰਟਰ ਦਾ ਕਾਰੋਬਾਰ ਹੈ ਉਹਨਾਂ ਦੇ ਰੂਟ ਉੱਪਰ ਟਰਾਂਸਪੋਰਟ ਵਿਭਾਗ ਵੱਲੋਂ ਮ੍ਰਿਤਕ ਗੁਰਚਰਨ ਸਿੰਘ ਜਿਸ ਦੀ 2021 ਵਿੱਚ ਮੌਤ ਹੋ ਚੁੱਕੀ ਹੈ ਦਾ ਪਰਮਿਟ ਜਾਰੀ ਕਰ ਦਿੱਤਾ ਗਿਆ ਹੈ। ਗੁਰਚਰਨ ਸਿੰਘ ਦੀ ਮੌਤ ਦਾ ਸਰਟੀਫਿਕੇਟ ਦਿੱਤੇ ਜਾਣ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਗਏ ਪਰਮਿਟ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਵਾਰ- ਵਾਰ ਟਰਾਂਸਪੋਰਟ ਵਿਭਾਗ ਬਠਿੰਡਾ ਦੇ ਦਫਤਰ ਆਉਣ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਾ ਹੁੰਦੀ ਵੇਖ ਉਹਨਾਂ ਵੱਲੋਂ ਅੱਜ ਮਜ਼ਬੂਰਨ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਭ੍ਰਿਸ਼ਟਾਚਾਰ ਕਰਕੇ ਉਹਨਾਂ ਦੀ ਸ਼ਿਕਾਇਤ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਲਟਾ ਮ੍ਰਿਤਕ ਦੇ ਨਾਮ 'ਤੇ ਪਰਮਿਟ ਲੈਣ ਵਾਲੇ ਲੋਕਾਂ ਵੱਲੋਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੰਨਾ ਸਮਾਂ ਉਹਨਾਂ ਦੀ ਸ਼ਿਕਾਇਤ ਦੀ ਕਾਰਵਾਈ ਨਹੀਂ ਹੁੰਦੀ ,ਉਹ ਅਣਮਿਥੇ ਸਮੇਂ ਲਈ ਟ੍ਰਾਂਸਪੋਰਟ ਵਿਭਾਗ ਦੇ ਦਫਤਰ ਅੱਗੇ ਪ੍ਰਦਰਸ਼ਨ ਕਰਦੇ ਰਹਿਣਗੇ।
ਉਧਰ ਦੂਸਰੇ ਪਾਸੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਪਾਸ ਸ਼ਿਕਾਇਤ ਜ਼ਰੂਰ ਆਈ ਹੈ ,ਜਿਸ ਦੀ ਜਾਂਚ ਚੱਲ ਰਹੀ ਹੈ ਪਰ ਸ਼ਿਕਾਇਤ ਕਰਤਾ ਬੁਲਾਏ ਜਾਣ ਦੇ ਬਾਵਜੂਦ ਹਾਜ਼ਰ ਨਹੀਂ ਹੋ ਰਿਹਾ। ਉਨਾਂ ਵੱਲੋਂ ਸਾਰੇ ਫੈਕਟਸ ਚੈੱਕ ਕੀਤੇ ਜਾ ਰਹੇ ਹਨ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇਗੀ।
- PTC NEWS