Mon, Jun 29, 2026
Whatsapp

Sri Akal Takht Sahib: ਪਹਿਲਾ ਦਾਦਾ ਤੇ ਹੁਣ ਪੋਤਾ ਪੇਸ਼..! ਰਾਸ਼ਟਰਪਤੀ, ਗ੍ਰਹਿ ਮੰਤਰੀ ਤੋਂ ਲੈਕੇ ਮੁੱਖ ਮੰਤਰੀ ਵੀ ਹੋ ਚੁੱਕੇ ਹਨ ਅਕਾਲ ਤਖ਼ਤ 'ਤੇ ਪੇਸ਼

Sri Akal Takht Sahib: ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਾਕੀ ਵਿਧਾਇਕਾਂ ਸਮੇਤ ਪੇਸ਼ ਹੋਏ ਹਨ।

Reported by:  PTC News Desk  Edited by:  Amritpal Singh -- June 29th 2026 02:38 PM
Sri Akal Takht Sahib: ਪਹਿਲਾ ਦਾਦਾ ਤੇ ਹੁਣ ਪੋਤਾ ਪੇਸ਼..! ਰਾਸ਼ਟਰਪਤੀ, ਗ੍ਰਹਿ ਮੰਤਰੀ ਤੋਂ ਲੈਕੇ ਮੁੱਖ ਮੰਤਰੀ ਵੀ ਹੋ ਚੁੱਕੇ ਹਨ ਅਕਾਲ ਤਖ਼ਤ 'ਤੇ ਪੇਸ਼

Sri Akal Takht Sahib: ਪਹਿਲਾ ਦਾਦਾ ਤੇ ਹੁਣ ਪੋਤਾ ਪੇਸ਼..! ਰਾਸ਼ਟਰਪਤੀ, ਗ੍ਰਹਿ ਮੰਤਰੀ ਤੋਂ ਲੈਕੇ ਮੁੱਖ ਮੰਤਰੀ ਵੀ ਹੋ ਚੁੱਕੇ ਹਨ ਅਕਾਲ ਤਖ਼ਤ 'ਤੇ ਪੇਸ਼

Sri Akal Takht Sahib: ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਾਕੀ ਵਿਧਾਇਕਾਂ ਸਮੇਤ ਪੇਸ਼ ਹੋਏ ਹਨ। ਸਿੱਖ ਇਤਿਹਾਸ ’ਚ ਇਹ ਦੂਜਾ ਮੌਕਾ ਹੈ ਕਿ ਜਦੋਂ ਇੱਕੋ ਪਰਿਵਾਰ ਦੋ ਮੈਂਬਰਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਤਲਬੀ ਹੋਈ ਹੋਵੇ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੂਨ 1984 ਦੇ ਬਲ਼ੂ ਸਟਾਰ ਅਪਰੇਸ਼ਨ ਲਈ ਨੈਤਿਕ ਅਤੇ ਸੰਵਿਧਾਨਿਕ ਤੌਰ ’ਤੇ ਤਤਕਾਲੀ ਰਾਸ਼ਟਰਪਤੀ ਤੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਰਵ ਉੱਚ ਕਮਾਂਡਰ ਹੋਣ ਦੇ ਨਾਤੇ ਗਿਆਨੀ ਜੈਲ ਸਿੰਘ ਨੂੰ ਜ਼ਿੰਮੇਵਾਰ ਮੰਨਦਿਆਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ।

ਕਰੀਬ 42 ਸਾਲ ਪਹਿਲਾਂ ਦਾਦਾ ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਸਨ ਅਤੇ ਅੱਜ ਉਨ੍ਹਾਂ ਦਾ ਪੋਤਾ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਏ ਹਨ। ‘ਸੰਧਵਾਂ ਪਰਿਵਾਰ’ ਦੇ ਦੋ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਹਨ। 


ਕੁਲਤਾਰ ਸਿੰਘ ਸੰਧਵਾਂ ਗਿਆਨੀ ਜੈਲ ਸਿੰਘ ਦੇ ਭਰਾ ਦੇ ਪੋਤੇ ਹਨ ਪਰ ਉਨ੍ਹਾਂ ਨੂੰ ਗਿਆਨੀ ਜੈਲ ਸਿੰਘ ਦੇ ਪੋਤੇ ਵਜੋਂ ਹੀ ਜਾਣਿਆ ਜਾਂਦਾ ਹੈ। ਪੰਜਾਬ ਵਿਧਾਨ ਸਭਾ ਵੱਲੋਂ ਵਿਸਾਖੀ ਦਿਹਾੜੇ ਦੇ ਮੌਕੇ 13 ਅਪਰੈਲ 2026 ਨੂੰ ਸਾਲ 2008 ਦੇ ਪੁਰਾਣੇ ਐਕਟ ’ਚ ਸੋਧ ਕਰਕੇ ‘ਜਾਗਤ ਜੋਤ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਨੂੰ ਪਾਸ ਕੀਤਾ ਗਿਆ ਸੀ। ਇਸ ਸੋਧ ਐਕਟ ’ਤੇ ਛਿੜੇ ਵਿਵਾਦ ਮਗਰੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ‘ਆਪ’ ਦੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਅੱਜ ਲਈ ਤਲਬ ਕੀਤਾ।

ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ 19 ਵੀਂ ਸਦੀ ਦੇ ਸ਼ੁਰੂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਸਿੱਖ ਸਾਮਰਾਜ ਦੇ ਤਾਕਤਵਰ ਸ਼ਾਸਕ ਮਹਾਰਾਜਾ ਸਿੰਘ ਰਣਜੀਤ ਸਿੰਘ ਨੂੰ ਤਲਬ ਕੀਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਰੂਹਾਨੀ ਅਸਥਾਨ ਅੱਗੇ ਸਿਰ ਝੁਕਾਉਂਦਿਆਂ ਧਾਰਮਿਕ ਸਜ਼ਾ ਪ੍ਰਵਾਨ ਕਰ ਲਈ ਸੀ। ਅਪਰੇਸ਼ਨ ਬਲੂ ਸਟਾਰ ਮਗਰੋਂ ਗਿਆਨੀ ਜੈਲ ਸਿੰਘ ਤੋਂ ਇਲਾਵਾ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਧਾਰਮਿਕ ਸਜ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਗਈ ਸੀ।

ਅਪਰੇਸ਼ਨ ਬਲੈਕ ਥੰਡਰ ਤਹਿਤ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਪੁਲਿਸ ਭੇਜਣ ਕਰਕੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਾਈ ਗਈ ਸੀ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇੱਕ ਵਿਵਾਦਿਤ ਵੀਡੀਓ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਪਸ਼ਟੀਕਰਨ ਲਈ ਤਲਬ ਕੀਤਾ ਜਾ ਚੁੱਕਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਪੰਥ ਦੋਖੀ’ ਕਰਾਰ ਦਿੱਤਾ ਗਿਆ ਹੈ।

ਸ੍ਰੀ ਅਕਾਲ ਤਖ਼ਤ ਕੀ ਹੈ

ਸ੍ਰੀ ਅਕਾਲ ਤਖ਼ਤ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਪਹਿਲਾ ਅਤੇ ਸਰਬਉੱਚ ਤਖ਼ਤ ਹੈ। ਇਤਿਹਾਸਕ ਸਰੋਤਾਂ ਮੁਤਾਬਕ ਇਸ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਨੇ ਕੀਤੀ ਸੀ। ਇਹ ਹਰਿਮੰਦਰ ਸਾਹਿਬ ਸਮੂਹ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਹੋਇਆ ਹੈ।

ਸਿੱਖ ਇਤਿਹਾਸਕਾਰ ਡਾਕਟਰ ਸੁਖਦਿਆਲ ਸਿੰਘ ਆਪਣੀ ਕਿਤਾਬ ‘ਖ਼ਾਲਸਾ ਪੰਥ ਦੇ ਪੰਜ ਤਖ਼ਤ’ ਵਿੱਚ ਲਿਖਦੇ ਹਨ-‘ਅਕਾਲ ਤਖ਼ਤ ਸਮੁੱਚੇ ਸਿੱਖ ਪੰਥ ਦਾ ਕੇਂਦਰ ਹੈ ਅਤੇ ਜਿਹੜਾ ਹੁਕਮਨਾਮਾ ਅਕਾਲ ਤਖ਼ਤ ਵੱਲੋਂ ਜਾਰੀ ਹੁੰਦਾ ਹੈ,ਉਹ ਸਮੁੱਚੇ ਪੰਥ ਦੇ ਨਾਮ ਜਾਰੀ ਹੁੰਦਾ ਹੈ,ਇਸ ਲਈ ਇਹ ਹੁਕਮਨਾਮਾ ਸਾਰੇ ਸਿੱਖਾਂ ਲਈ ਮੰਨਣਾ ਜਰੂਰੀ ਹੁੰਦਾ ਹੈ।’

ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਅਤੇ ਇਤਿਹਾਸ ਵਿੱਚ ਕਈ ਉਦਾਹਰਨਾਂ ਮਿਲਦੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਅਤੇ ਅੱਗੇ ਦੀ ਰਣਨੀਤੀ ਲਈ ਸਿੱਖ ਇੱਥੇ ਇਕੱਤਰ ਹੁੰਦੇ ਰਹੇ ਹਨ।

ਜੇਕਰ ਕੋਈ ਸਿੱਖ ਗਲਤੀ ਕਰਦਾ ਤਾਂ ਕੀ ਕਾਰਵਾਈ ਹੁੰਦੀ ?

ਜੇਕਰ ਕਿਸੇ ਸਿੱਖ ਤੋਂ ਕੋਈ ਗਲਤੀ ਹੁੰਦੀ ਹੈ ਤਾਂ ਉਸ ਹਾਲਾਤ ਵਿੱਚ ਜਾਂ ਤਾਂ ਅਕਾਲ ਤਖ਼ਤ ਸਾਹਿਬ 'ਗੁਨਾਹਗਾਰ' ਨੂੰ ਆਪ ਤਲਬ ਕਰਦਾ ਹੈ ਜਾਂ ਫਿਰ ਉਹ ਸਿੱਖ ਆਪ ਹੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਸਕਦਾ ਹੈ।

ਜੇਕਰ ਕੋਈ ਸਿੱਖ ਆਪ ਪੇਸ਼ ਹੁੰਦਾ ਹੈ ਤਾਂ ਉਸ ਨੂੰ ਕਾਰਵਾਈ ਲਈ ਬੁਲਾਇਆ ਜਾਂਦਾ ਹੈ।

ਜੇਕਰ ਇਹ ਆਗੂ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਸੰਮਨ ਕਰਕੇ ਸਜ਼ਾ ਸੁਣਾਈ ਜਾਵੇਗੀ। ਦਰਅਸਲ ਇਹ ‘ਸਜ਼ਾ’ ਸੇਵਾ ਦਾ ਹੀ ਇੱਕ ਰੂਪ ਹੁੰਦਾ ਹੈ, ਜਿਸ ਵਿੱਚ ਦੋਸ਼ੀ ਸਿੱਖ ਨੂੰ ਗੁਰਦੁਆਰੇ ਵਿੱਚ ਕੁਝ ਸਮਾਂ ਪਾਠ ਕਰਨ,ਬਰਤਨ,ਜੋੜੇ ਆਦਿ ਸਾਫ਼ ਕਰਨ ਨੂੰ ਆਖਿਆ ਜਾਂਦਾ ਹੈ। ਇਸ ਦਾ ਮੰਤਵ ਸਿੱਖ ਵਿੱਚ ਨਮਰਤਾ ਅਤੇ ਹਲੀਮੀ ਪੈਦਾ ਕਰਨਾ ਹੁੰਦਾ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਅਕਾਲ ਤਖ਼ਤ ਸਾਹਿਬ ਵੱਲੋਂ 1988 ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਸੀ, ਜਿਸ ਦੌਰਾਨ ਉਹਨਾਂ ਨੂੰ 21 ਦਿਨ ਗੁਰੂ ਘਰ ਦੀ ਸੇਵਾ ਕਰਨ ਲਈ ਆਖਿਆ ਗਿਆ ਸੀ।

1985-87 ਦੌਰਾਨ ਆਪਣੀ ਸਰਕਾਰ ਸਮੇਂ ਲਏ 'ਗ਼ਲਤ ਫੈਸਲਿਆਂ' ਲਈ ਇਹ ਧਾਰਮਿਕ ਸਜ਼ਾ ਮਿਲੀ ਸੀ।

ਰਾਸ਼ਟਰਪਤੀ, ਗ੍ਰਹਿ ਮੰਤਰੀ ਤੋਂ ਲੈਕੇ ਮੁੱਖ ਮੰਤਰੀ ਵੀ ਹੋ ਚੁੱਕੇ ਹਨ ਅਕਾਲ ਤਖ਼ਤ 'ਤੇ ਪੇਸ਼

ਮੌਜੂਦਾ ਸਰਕਾਰ ਅਤੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਿਚਾਲੇ ਖਿੱਚੋ-ਤਾਣ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਨਹੀਂ ਆਇਆ, ਸਗੋਂ ਇਸ ਤਰ੍ਹਾਂ ਦੇ ਕਈ ਹਵਾਲੇ ਮਿਲਦੇ ਹਨ, ਜਿੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇਸ਼ ਦੇ ਰਾਸ਼ਟਰਪਤੀ, ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੂੰ ਤਲਬ ਕਰ ਚੁੱਕੇ ਹਨ।

1984 ਵਿੱਚ ਦਰਬਾਰ ਸਾਹਿਬ ਉੱਤੇ ਕੀਤੀ ਗਈ ਫੌਜੀ ਕਾਰਵਾਈ ਵੇਲੇ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਵੀ ਅਕਾਲ ਤਖ਼ਤ ਵੱਲੋਂ ਤਲਬ ਕੀਤਾ ਗਿਆ ਸੀ। ਹਾਲਾਂਕਿ ਗਿਆਨੀ ਜ਼ੈਲ ਸਿੰਘ ਅਕਾਲ ਤਖ਼ਤ ਅੱਗੇ ਖੁਦ ਪੇਸ਼ ਨਹੀਂ ਹੋਏ, ਉਨ੍ਹਾਂ ਨੇ ਆਪਣੇ ਪ੍ਰੈੱਸ ਸਕੱਤਰ ਤਰਲੋਚਨ ਸਿੰਘ ਰਾਹੀਂ ਲਿਖਤੀ ਸਪਸ਼ਟੀਕਰਨ ਅਕਾਲ ਤਖ਼ਤ ਨੂੰ ਭੇਜਿਆ ਸੀ।

ਇਸ ਤੋਂ ਇਲਾਵਾ ਸਾਲ 1984 ਵਿੱਚ 'ਆਪ੍ਰੇਸ਼ਨ ਬਲੂ ਸਟਾਰ' ਸਮੇਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਤੋਂ ਬਾਅਦ ਭਾਰਤ ਦੇ ਤਤਕਾਲੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਕਿਰਪਾਲ ਸਿੰਘ ਵੱਲੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।

ਸਾਲ 1986 ਵਿੱਚ ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗਿਆਨੀ ਕਿਰਪਾਲ ਸਿੰਘ ਵੱਲੋਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ ਨੂੰ ਦਰਬਾਰ ਸਾਹਿਬ ਵਿੱਚ ਪੁਲਿਸ ਫੋਰਸ ਭੇਜਣ ਦੇ ਹੁਕਮ ਦੇਣ ਸਬੰਧੀ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ।

ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸ੍ਰੀ ਅਕਾਲ ਤਖ਼ਤ ਅੱਗੇ ਪੇਸ਼ ਹੋਏ, ਆਪਣਾ ਸਪਸ਼ਟੀਕਰਨ ਦਿੱਤਾ ਅਤੇ ਆਪਣੀ ਭੁੱਲ ਲਈ ਮੁਆਫੀ ਮੰਗੀ। ਅਕਾਲ ਤਖ਼ਤ ਵੱਲੋਂ ਸੱਤਾ ਵਿੱਚ ਮੌਜੂਦ ਵਿਅਕਤੀਆਂ ਨੂੰ ਤਲਬ ਕਰਨ ਅਤੇ ਧਾਰਮਿਕ ਸਜ਼ਾ ਦੇਣ ਦਾ ਹਵਾਲਾ ਸਿੱਖ ਇਤਿਹਾਸ ਵਿੱਚ ਪਹਿਲਾਂ ਵੀ ਮਿਲਦਾ ਹੈ।

ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਫੂਲਾ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK