Gurdaspur News : ਸੁਖਜਿੰਦਰ ਰੰਧਾਵਾ ਦੇ ਬੇਟੇ ਨੂੰ ਮਿਲੀ ਧਮਕੀ ਦਾ ਜੱਗੂ ਭਗਵਾਨਪੁਰੀਏ ਨਾਲ ਕੋਈ ਸਬੰਧ ਨਹੀਂ,ਗ੍ਰਿਫਤਾਰੀ ਤੋਂ ਬਾਅਦ ਹੋਇਆ ਖੁਲਾਸਾ
Gurdaspur News : 31 ਜੁਲਾਈ 2025 ਨੂੰ ਲਗਭਗ ਦੁਪਹਿਰ 3 ਵਜੇ ਗੁਰਦਾਸਪੁਰ ਦੇ ਐਮਪੀ ਸੁਖਜਿੰਦਰ ਰੰਧਾਵਾ ਦੇ ਪੁੱਤਰ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਅਪਲੋਡ ਕੀਤਾ ਗਿਆ ਸੀ। ਇਸ ਪੋਸਟ ਦੇ ਜਵਾਬ ਵਿੱਚ 'ਗਗਨ ਰੰਧਾਵਾ' ਨਾਂ ਦੇ ਇੱਕ ਵਿਅਕਤੀ ਵੱਲੋਂ ਧਮਕੀ ਭਰਿਆ ਕੁਮੈਂਟ ਕੀਤਾ ਗਿਆ ਸੀ। ਹਾਲਾਂਕਿ ਇਹ ਕੁਮੈਂਟ ਬਾਅਦ ਵਿੱਚ ਡਿਲੀਟ ਕਰ ਦਿੱਤਾ ਸੀ ਪਰ ਜ਼ਿਲ੍ਹਾ ਪੁਲਿਸ ਬਟਾਲਾ ਨੇ ਤੁਰੰਤ ਕਾਰਵਾਈ ਕੀਤੀ। ਇੰਸਟਾਗ੍ਰਾਮ ਦੀ ਲਾਅ ਇਨਫੋਰਸਮੈਂਟ ਟੀਮ ਦੀ ਮਦਦ ਨਾਲ ਆਈਪੀ ਐਡਰੇਸ ਅਤੇ ਲਾਗਇਨ ਵੇਰਵੇ ਪ੍ਰਾਪਤ ਕੀਤੇ ਗਏ। ਤਕਨੀਕੀ ਨਿਗਰਾਨੀ ਅਤੇ ਡਿਜੀਟਲ ਵਿਸ਼ਲੇਸ਼ਣ ਦੇ ਆਧਾਰ 'ਤੇ ਆਰੋਪੀ ਦੀ ਪਛਾਣ ਹੋਈ ਅਤੇ ਉਸਦੀ ਗ੍ਰਿਫਤਾਰੀ ਕੀਤੀ ਗਈ।
ਗ੍ਰਿਫਤਾਰ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ, ਪੁੱਤਰ ਦਿਲਬਾਗ ਸਿੰਘ, ਨਿਵਾਸੀ ਪਿੰਡ ਘਣੀਏ ਕੇ ਬਾਂਗਰ (ਮੌਜੂਦਾ ਨਿਵਾਸ ਗੁਲਮਰਗ ਐਵੇਨਿਊ, ਅੰਮ੍ਰਿਤਸਰ) ਵਜੋਂ ਹੋਈ ਹੈ। ਉਸਦੇ ਮੋਬਾਈਲ ਫੋਨ ਦੀ ਜਾਂਚ ਦੌਰਾਨ "ਗਗਨ ਰੰਧਾਵਾ ਨਾਂਅ ਦਾ ਇੰਸਟਾਗ੍ਰਾਮ ਅਕਾਉਂਟ ਐਕਟਿਵ ਅਤੇ ਲਾਗਇਨ ਮਿਲਿਆ। ਸ਼ੁਰੂਆਤੀ ਪੁੱਛਗਿੱਛ ਦੌਰਾਨ ਆਰੋਪੀ ਨੇ ਕਿਹਾ ਕਿ ਉਸਨੇ ਇਹ ਕੁਮੈਂਟ ਮਜ਼ਾਕ 'ਚ ਕੀਤਾ ਸੀ। ਇਸ ਪੜਾਅ 'ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਕੋਈ ਸਿੱਧਾ ਸੰਬੰਧ ਸਾਬਤ ਨਹੀਂ ਹੋਇਆ ਪਰ ਬਟਾਲਾ ਪੁਲਿਸ ਪੂਰੀ ਤਰੀਕੇ ਨਾਲ ਪੇਸ਼ੇਵਰ ਢੰਗ ਨਾਲ ਜਾਂਚ ਜਾਰੀ ਰੱਖੇ ਹੋਈ ਹੈ ਤਾਂ ਜੋ ਕਿਸੇ ਦੀ ਡੂੰਘੇ ਸੰਬੰਧ ਦਾ ਪਤਾ ਲੱਗ ਸਕੇ। ਇਸ ਸਬੰਧ ਵਿੱਚ FIR ਨੰਬਰ 98/2025 ਮਿਤੀ 2-08-2025 ਜੁਰਮ BNS ਅਤੇ IT ਐਕਟ ਦੀਆਂ ਉਚਿਤ ਧਾਰਾਵਾਂ ਅਧੀਨ ਥਾਣਾ ਕੋਟਲੀ ਸੂਰਤ ਮੱਲੀਆਂ ਵਿੱਚ ਦਰਜ ਕੀਤੀ ਗਈ।
ਫਤਿਹਗੜ੍ਹ ਚੂੜੀਆਂ ਵਿਖੇ ਅਜਨਾਲਾ ਰੋਡ 'ਤੇ ਸਿਮਰਨਜੀਤ ਸਿੰਘ ਦੀ ਦੁਕਾਨ "ਦਸਤੂਰ-ਏ-ਦਸਤਾਰ" 'ਤੇ ਹੋਈ ਗੋਲੀਬਾਰੀ ਸੰਬੰਧੀ, ਸ਼ੁਰੂਆਤੀ ਦਾਵਿਆਂ ਤੋਂ ਇਲਾਵਾ ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਹਮਲਾ ਪਰਮਿੰਦਰ ਸਿੰਘ ਉੱਤੇ ਨਹੀਂ ਸੀ, ਸਗੋਂ ਇਹ ਘਟਨਾ ਸਿਮਰਨਜੀਤ ਸਿੰਘ ਦੀ ਜਾਇਦਾਦ ਉੱਤੇ ਵਾਪਰੀ। ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਕੇਸ ਦਰਜ ਕਰ ਲਿਆ ਗਿਆ। ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਇਸ ਘਟਨਾ ਵਿੱਚ ਧਮਕੀ ਤਰਨਤਾਰਨ ਦੇ ਗੁਰਦੇਵ ਜੋਸਲ ਵੱਲੋਂ ਦਿੱਤੀ ਗਈ ਸੀ, ਜੋ ਇਸ ਵੇਲੇ ਅਮਰੀਕਾ ਵਿੱਚ ਵਸਦਾ ਹੈ। ਹੁਣ ਤੱਕ ਇਸ ਮਾਮਲੇ ਅਤੇ ਜੱਗੂ ਭਗਵਾਨਪੁਰੀਆ ਵਿਚਕਾਰ ਕੋਈ ਸਬੰਧ ਸਾਬਤ ਨਹੀਂ ਹੋਇਆ ਪਰ ਕੁਝ ਸਰਗਰਮ ਲੀਡ ਮਿਲੀਆਂ ਹਨ ਅਤੇ ਜਲਦ ਗ੍ਰਿਫ਼ਤਾਰੀਆਂ ਦੀ ਉਮੀਦ ਹੈ। ਇਸ ਸਬੰਧੀ FIR ਨੰਬਰ 98/2025 ਮਿਤੀ 31/7/2025 ਨੂੰ BNS ਅਤੇ Arms ਐਕਟ ਹੇਠ ਫਤਿਹਗੜ੍ਹ ਚੂੜੀਆਂ ਵਿੱਚ ਦਰਜ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਪਹਿਲਾਂ ਹੀ ਕਈ ਰੋਕਥਾਮੀ ਕਦਮ ਚੁੱਕੇ ਜਾ ਚੁੱਕੇ ਹਨ। ਸਿਲਚਰ, ਅਸਾਮ ਦੀ ਜੇਲ੍ਹ ਪ੍ਰਸ਼ਾਸਨ (ਜਿੱਥੇ ਉਹ ਕੈਦ ਹੈ) ਨੂੰ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਸਖ਼ਤ ਨਿਗਰਾਨੀ ਅਤੇ ਕਾਰਵਾਈ ਲਈ ਮੰਗ ਕੀਤੀ ਗਈ ਹੈ ਤਾਂ ਜੋ ਜੇਲ੍ਹ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਸੰਚਾਰ ਜਾਂ ਹਦਾਇਤਾਂ ਜਾਰੀ ਨਾ ਕੀਤੀਆਂ ਜਾ ਸਕਣ। ਜ਼ਿਲ੍ਹਾ ਪੁਲਿਸ ਬਟਾਲਾ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ ਕਿ ਕਾਨੂੰਨ ਦਾ ਰਾਜ ਕਾਇਮ ਰੱਖਣ ਅਤੇ ਸ਼ਾਂਤੀ ਤੇ ਲੋਕਾਂ ਦੇ ਭਰੋਸੇ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਸਚੇਤ ਅਤੇ ਸਰਗਰਮ ਰਹੇਗੀ।
- PTC NEWS