''ਫਿਰੌਤੀ ਕੇਵਲ ਗੈਂਗਸਟਰ ਹੀ ਨਹੀਂ ਸਗੋਂ ਚਿੱਟੇ ਕੱਪੜਿਆਂ ਵਾਲੇ ਵੀ ਮੰਗਦੇ ਹਨ...'' ਸੁਨੀਲ ਜਾਖੜ ਦੀ ਵਿਧਾਨ ਸਭਾ ਸੈਸ਼ਨ 'ਚ ਸ਼ਰਧਾਜ਼ਲੀਆਂ 'ਤੇ ਟਿੱਪਣੀ
Sunil Jakhar News : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀਰਵਾਰ ਨੂੰ ਆਪਣੀ ਪਹਿਲੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਰਾਜ ਨਾਲ ਸਬੰਧਤ ਕਈ ਗੰਭੀਰ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਖਾਸ ਕਰਕੇ ਬੇਅਦਬੀ ਕਾਨੂੰਨ, ਗੈਂਗਸਟਰਾਂ ਦੀ ਭੂਮਿਕਾ ਅਤੇ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ 'ਤੇ ਕੀਤਾ।
ਬੇਅਦਬੀ ਕਾਨੂੰਨ 'ਤੇ ਸਵਾਲ
ਜਾਖੜ ਨੇ ਪੁੱਛਿਆ, " ਬੇਅਦਬੀ ਕਾਨੂੰਨ ਦਾ ਖਰੜਾ ਕਿੱਥੇ ਹੈ? ਇਸ 'ਤੇ ਕਿਹੜੇ ਧਾਰਮਿਕ ਸੰਗਠਨਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ?" ਉਨ੍ਹਾਂ ਇਹ ਵੀ ਕਿਹਾ ਕਿ ਧਰਮ ਦੀ ਦੁਰਵਰਤੋਂ ਦੇ ਮਾਮਲਿਆਂ ਨੂੰ ਵੀ ਬਰਾਬਰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। "ਜਦੋਂ ਧਰਮ ਦੀ ਰੱਖਿਆ ਦੀ ਗੱਲ ਹੋ ਰਹੀ ਹੈ, ਤਾਂ ਧਰਮ ਦੇ ਨਾਮ 'ਤੇ ਰਾਜਨੀਤੀ ਕਰਨ ਵਾਲਿਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਮੁੱਦੇ 'ਤੇ ਸਪੱਸ਼ਟਤਾ ਅਤੇ ਇਮਾਨਦਾਰੀ ਨਹੀਂ ਹੈ, ਤਾਂ ਇਹ ਪੰਜਾਬ ਦੀ ਭਾਈਚਾਰਕ ਏਕਤਾ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।
'ਆਪ' ਸਰਕਾਰ 'ਤੇ ਹਮਲਾ
ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਮਾਮਲਿਆਂ ਵਿੱਚ 24 ਘੰਟਿਆਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ, ਪਰ ਤਿੰਨ ਸਾਲ ਅਤੇ ਚਾਰ ਮਹੀਨੇ (ਲਗਭਗ 28,900 ਮਿੰਟ) ਬੀਤਣ ਤੋਂ ਬਾਅਦ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਉਨ੍ਹਾਂ ਕਿਹਾ ਕਿ 2015 ਤੋਂ 2022 ਦੇ ਵਿਚਕਾਰ 300 ਤੋਂ ਵੱਧ ਬੇਅਦਬੀ ਦੇ ਮਾਮਲੇ ਦਰਜ ਕੀਤੇ ਗਏ ਸਨ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕਾਂ ਨੂੰ ਦੋ ਸਾਲ ਦੀ ਸਜ਼ਾ ਮਿਲੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹ ਕੇ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ।
ਸ਼ਰਧਾਂਜਲੀਆਂ 'ਤੇ ਟਿੱਪਣੀ
ਉਨ੍ਹਾਂ ਵਿਧਾਨ ਸਭਾ ਵਿੱਚ ਉਦਯੋਗਪਤੀ ਸੰਜੇ ਵਰਮਾ ਨੂੰ ਦਿੱਤੀ ਗਈ ਸ਼ਰਧਾਂਜਲੀ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ, "ਸੰਜੇ ਵਰਮਾ ਨੇ 500 ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਸੀ। ਉਹ ਸਿਰਫ਼ ਇੱਕ ਕਾਰੋਬਾਰੀ ਨਹੀਂ ਸਨ, ਉਹ ਪੰਜਾਬ ਦੇ ਹੀਰੋ ਸਨ।" ਉਨ੍ਹਾਂ ਟਿਪਣੀ ਕਰਦਿਆਂ ਇਹ ਵੀ ਕਿਹਾ, ''ਫਿਰੌਤੀ ਕੇਵਲ ਗੈਂਗਸਟਰ ਹੀ ਨਹੀਂ ਸਗੋਂ ਚਿੱਟੇ ਕੱਪੜਿਆਂ ਵਾਲੇ ਵੀ ਮੰਗਦੇ ਹਨ, ਜਿਹੜੇ ਕਿ ਇਸ ਸਮੇਂ ਵਿਧਾਨ ਸਭਾ 'ਚ ਸ਼ਰਧਾਂਜਲੀਆਂ ਦੇ ਰਹੇ ਹਨ।''
- PTC NEWS