ਰਾਜਪੁਰਾ 'ਚ ਕਾਰ ਤੇ ਟਰੱਕ ਦੀ ਭਿਆਨਕ ਟੱਕਰ, ਚਾਲਕ ਦੀ ਮੌਤ, ਔਰਤ ਗੰਭੀਰ ਜ਼ਖ਼ਮੀ
ਰਾਜਪੁਰਾ: ਬੀਤੀ ਦੇਰ ਸ਼ਾਮ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਟਰੱਕ ਅਤੇ ਕਰੇਟਾ ਕਾਰ ਦੀ ਭਿਆਨਕ ਟੱਕਰ ਦੀ ਸੂਚਨਾ ਹੈ। ਹਾਦਸੇ 'ਚ ਕਾਰ ਪਹਿਲਾਂ ਖੰਭੇ ਜਾ ਵੱਜੀ ਅਤੇ ਫਿਰ ਡਿਵਾਈਡਰ 'ਤੇ ਚੜ੍ਹ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਖੰਭਾ ਟੁੱਟ ਗਿਆ ਅਤੇ ਚਾਲਕ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਹਰਵਿੰਦਰ ਸਿੰਘ (38 ਸਾਲਾਂ) ਆਪਣੀ ਪਤਨੀ ਦੇ ਨਾਲ ਸ਼ਿਮਲਾ ਤੋਂ ਪਟਿਆਲਾ ਆਪਣੇ ਸਹੁਰੇ ਘਰ ਜਾ ਰਿਹਾ ਸੀ ਪਰ ਸਹੁਰੇ ਘਰ ਜਾਣ ਤੋਂ ਪਹਿਲਾਂ ਹੀ ਕਾਰ ਅਤੇ ਟਰੱਕ ਦੀ ਜਬਰਦਸਤ ਟੱਕਰ ਹੋਣ ਕਾਰਨ ਗੰਭੀਰ ਜਖਮੀ ਹੋ ਗਏ, ਜਿਨਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਕਾਰ ਦੇ ਵਿੱਚੋਂ ਕੱਢਿਆ ਗਿਆ।
ਲੋਕਾਂ ਨੇ ਤੁਰੰਤ ਦੋਵਾਂ ਨੂੰ ਰਾਜਪੁਰਾ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਹਰਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਪਤਨੀ ਦੇ ਗੰਭੀਰ ਹਾਲਤ ਹੋਣ ਦੇ ਬਾਵਜੂਦ ਇੱਥੋਂ ਰੈਫਰ ਕਰ ਦਿੱਤਾ ਗਿਆ। ਇਸ ਗੱਲ ਦੀ ਪੁਸ਼ਟੀ ਪੁਲਿਸ ਨੇ ਵੀ ਕਰ ਦਿੱਤੀ ਹੈ।
ਮੌਕੇ 'ਤੇ ਗੁਰਮੇਲ ਸਿੰਘ ਚਸ਼ਮਦੀਪ ਗਵਾਹ ਨੇ ਦੱਸਿਆ ਅਸੀਂ ਇਥੇ ਚਾਹ ਦੀ ਦੁਕਾਨ ਕਰਦੇ ਹਾਂ। ਕਾਰ ਸ਼ਿਮਲਾ ਤੋਂ ਪਟਿਆਲਾ ਜਾ ਰਹੀ ਸੀ ਅਤੇ ਟਰੱਕ ਅੰਬਾਲਾ ਸਾਈਡ ਤੋਂ ਆ ਰਿਹਾ ਸੀ ਤਾਂ ਕਰੋਸਿੰਗ ਦੇ ਉੱਪਰ ਐਕਸੀਡੈਂਟ ਹੋ ਗਿਆ। ਕਾਰ ਵਿਚੋਂ ਬੜੀ ਮੁਸ਼ਕਿਲ ਨਾਲ ਦੋਵਾਂ ਨੂੰ ਬਾਹਰ ਕੱਢਿਆ ਗਿਆ।
ਸਰਬਜੀਤ ਸਿੰਘ ਏਐਸਆਈ ਬੱਸ ਸਟੈਂਡ ਚੌਕੀ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਵਾਲਾ ਨੈਸ਼ਨਲ ਹਾਈਵੇ 'ਤੇ ਕਾਰ-ਟਰੱਕ ਦੀ ਟੱਕਰ ਹੋਈ ਹੈ ਤਾਂ ਅਸੀਂ ਮੌਕੇ 'ਤੇ ਪਹੁੰਚੇ ਅਤੇ ਜਖਮੀਆਂ ਨੂੰ ਤੁਰੰਤ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਹਰਵਿੰਦਰ ਸਿੰਘ ਦੀ ਪੀਜੀਆਈ ਲਿਜਾਂਦੇ ਸਮੇਂ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
- PTC NEWS