ਬਠਿੰਡਾ: ਚੋਰਾਂ ਨੇ ਗੁਰੂ ਦੀ ਗੋਲਕ ਨੂੰ ਬਣਾਇਆ ਨਿਸ਼ਾਨਾ; CCTV 'ਚ ਕੈਦ ਹੋਈਆਂ ਤਸਵੀਰਾਂ
ਬਠਿੰਡਾ: ਹਰ ਰੋਜ਼ ਅਨੇਕਾ ਹੀ ਕਿਸਮ ਦੀਆਂ ਮਾੜੀਆਂ ਘਟਨਾਵਾਂ ਸਾਹਮਣੇ ਆਓਂਦੀਆਂ ਹਨ। ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਹਨ। ਜਿੱਥੇ ਨਸ਼ੇ ਦੀ ਪੂਰਤੀ ਲਈ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਅਜਿਹੀ ਇੱਕ ਘਟਨਾ ਬਠਿੰਡਾ ਸ਼ਹਿਰ ਦੀ ਬੀੜ ਬਸਤੀ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੀ ਰਾਤ 2 ਨੌਜਵਾਨਾ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ। ਨੌਜਵਾਨਾ ਵਲੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਅੰਦਰ ਜਾ ਕੇ ਗੋਲਕ ਨੂੰ ਤੋੜਿਆ ਗਿਆ ਅਤੇ ਹਜ਼ਾਰਾਂ ਰੁਪਏ ਦੀ ਨਗ਼ਦੀ ਚੋਰੀ ਕੀਤੀ ਗਈ। ਨੌਜਵਾਨਾਂ ਵੱਲੋਂ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨੇ ਦੱਸਿਆ, "ਮੈਨੂੰ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਮੈਂ ਸਵੇਰੇ 5 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਪਾਠ ਲਈ ਪਹੁੰਚਿਆਂ, ਮੈਂ ਦੇਖਿਆ ਕਿ ਗੁਰਦੁਆਰਾ ਸਾਹਿਬ ਵਿੱਚਕਾਰ ਸਮਾਨ ਬਿਖਰਿਆ ਪਿਆ ਹੈ ਅਤੇ ਗੋਲਕ ਵੀ ਟੇਡੀ ਹੋਈ ਪਈ ਹੈ। ਇਹ ਸਭ ਹਾਲਾਤ ਦੇਖ ਕੇ ਮੈਂ ਨੇੜੇ ਰਹਿੰਦੇ ਸਾਰੇ ਇਲਾਕਾ ਵਾਸੀਆ ਨੂੰ ਇੱਕਠਾ ਕੀਤਾ ਜਿਸ ਤੋਂ ਬਾਅਦ ਸੀ.ਸੀ.ਟੀ.ਵੀ ਫੁਟੇਜ ਰਾਹੀਂ ਚੈੱਕ ਕੀਤਾ, ਜਿੱਥੋਂ ਪਤਾ ਲੱਗਿਆ ਕਿ ਬੀਤੀ ਰਾਤ 2 ਨੌਜ਼ਵਾਨ ਗੁਰਦੁਆਰਾ ਸਾਹਿਬ ਅੰਦਰ ਦਾਖ਼ਿਲ ਹੋਏ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਦੀ ਪਛਾਣ ਕੀਤੀ ਗਈ ਹੈ "
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਵਿੱਚ ਨਸ਼ੇ ਨੇ ਬੂਰੀ ਤਰ੍ਹਾਂ ਪੈਰ ਪਸਾਰ ਲਏ ਹਨ। ਨੌਜਵਾਨਾਂ ਨੇ ਨਸ਼ੇ ਦੀ ਪੂਰਤੀ ਲਈ ਹੁਣ ਧਾਰਮਿਕ ਅਸਥਾਨਾਂ 'ਤੇ ਲੁੱਟ ਮਚਾ ਰੱਖੀ ਹੈ। ਇਸ ਘਟਨਾ ਦਾ ਪਤਾ ਚਲਦੇ ਹੀ ਪੁਲਿਸ ਅਧਿਕਾਰੀ ਉੱਥੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਗਈ।
ਡੀ.ਐੱਸ.ਪੀ ਦਿਹਾਤੀ ਹਿਨਾ ਗੁਪਤਾ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਦੇ ਅਧਾਰ ਤੇ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਜਲਦ ਹੀ ਪਹਿਚਾਣ ਕਰਕੇ ਦੋਸ਼ੀਆਂ ਨੂੰ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ। ਫ਼ਿਲਹਾਲ ਚੋਰੀ ਹੋਈ ਰਕਮ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਪਾਈ।
- PTC NEWS