Chandigarh News : ਚੰਡੀਗੜ੍ਹ 'ਚ ਟ੍ਰੈਫਿਕ ਪੁਲਿਸ ਕਰਮਚਾਰੀ ਸੜਕ 'ਤੇ ਕਿਸੇ ਵੀ ਵਾਹਨ ਨੂੰ ਨਹੀਂ ਰੋਕਣਗੇ ਅਤੇ ਨਾ ਹੀ ਚਲਾਨ ਕਰਨਗੇ
Chandigarh News : ਚੰਡੀਗੜ੍ਹ 'ਚ ਹੁਣ ਟ੍ਰੈਫਿਕ ਪੁਲਿਸ ਕਰਮਚਾਰੀ ਸੜਕ 'ਤੇ ਕਿਸੇ ਵੀ ਵਾਹਨ ਨੂੰ ਨਹੀਂ ਰੋਕਣਗੇ ਅਤੇ ਨਾ ਹੀ ਚਲਾਨ ਕਰਨਗੇ। ਚੰਡੀਗੜ੍ਹ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨੇ ਸਖ਼ਤ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਟ੍ਰੈਫਿਕ ਲਾਈਟ ਪੁਆਇੰਟਾਂ ਅਤੇ ਚੌਰਾਹਿਆਂ 'ਤੇ ਤਾਇਨਾਤ ਪੁਲਿਸ ਕਰਮਚਾਰੀ ਸਿਰਫ਼ ਟ੍ਰੈਫਿਕ ਕੰਟਰੋਲ ਦਾ ਕੰਮ ਕਰਨਗੇ। ਉਨ੍ਹਾਂ ਨੂੰ ਕਿਸੇ ਵੀ ਵਾਹਨ ਨੂੰ ਰੋਕਣ ਜਾਂ ਚਲਾਨ ਜਾਰੀ ਕਰਨ ਦਾ ਅਧਿਕਾਰ ਨਹੀਂ ਹੋਵੇਗਾ।
ਜੇਕਰ ਕੋਈ ਪੁਲਿਸ ਕਰਮਚਾਰੀ ਕਿਸੇ ਵਾਹਨ ਨੂੰ ਰੋਕਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਫੈਸਲਾ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਵਿਖੇ ਡੀਜੀਪੀ ਦੀ ਪ੍ਰਧਾਨਗੀ ਹੇਠ ਹੋਈ ਅਧਿਕਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਤੋਂ ਤੁਰੰਤ ਬਾਅਦ ਟ੍ਰੈਫਿਕ ਵਿੰਗ ਨੂੰ ਸੁਨੇਹਾ ਭੇਜਿਆ ਗਿਆ ਕਿ ਹੁਣ ਕੋਈ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਸ਼ਹਿਰ ਵਿੱਚ ਵਾਹਨ ਨਹੀਂ ਰੋਕੇਗਾ।
ਚੰਡੀਗੜ੍ਹ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਸ਼ਹਿਰ ਵਿੱਚ ਹੁਣ ਤੱਕ ਕੁੱਲ 2,130 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 1,433 ਕੈਮਰੇ ਸਿੱਧੇ ਪੁਲਿਸ ਕੰਟਰੋਲ ਰੂਮ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ 40 ਪ੍ਰਮੁੱਖ ਥਾਵਾਂ 'ਤੇ ਲਗਾਏ ਗਏ 1,015 ITMS ਕੈਮਰਿਆਂ ਵਿੱਚੋਂ 159 ਕੈਮਰੇ ਲਾਲ ਬੱਤੀਆਂ ਟੱਪਣ ਵਾਲਿਆਂ ਦੀ ਪਛਾਣ ਕਰਦੇ ਹਨ। ਟ੍ਰੈਫਿਕ ਪੁਲਿਸ ਹੁਣ ਇਨ੍ਹਾਂ ਕੈਮਰਿਆਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਜਾਰੀ ਕਰੇਗੀ।
ਡੀਜੀਪੀ ਨੇ ਕਿਹਾ ਜੋ ਚਲਾਨ ਆਨਲਾਈਨ ਹੋ ਸਕਦੇ ਹਨ ,ਉਸ ਬਾਬਤ ਕਿਸੇ ਵੀ ਬੰਦੇ ਨੂੰ ਨਹੀਂ ਰੋਕਣਾ। ਜੇਕਰ ਰੋਕਿਆ ਗਿਆ ਤਾਂ ਤਿੰਨ ਕਾਰਨਾਂ ਕਰਕੇ ਹੀ ਰੋਕਿਆ ਜਾਵੇਗਾ। ਲਾਈਸੈਂਸ ,ਆਰ ਸੀ,ਨੰਬਰ ਪਲੇਟ। ਜੇਕਰ ਵਿਅਕਤੀ ਇਹ ਚੀਜ਼ਾਂ ਨਹੀਂ ਦਿਖਾਉਂਦਾ ਤਾਂ ਉਸ ਨਾਲ ਜ਼ਿੱਦ ਨਹੀਂ ਕਰਨੀ ਚੁੱਪ ਕਰਕੇ ਚਲਾਨ ਕੱਟੋ ਅਤੇ ਬਾਕੀ ਸਾਰੇ ਚਲਾਨ ਕੈਮਰੇ ਰਹੀ ਕੱਟੇ ਜਾਣਗੇ।
- PTC NEWS