Bathinda News : ਘਰਾਂ 'ਚ ਪਾਣੀ ਨੂੰ ਡੀਜ਼ਲ ਦੱਸ ਕੇ ਵੇਚਣ ਵਾਲੇ 2 ਨੌਜਵਾਨ ਪਿੰਡ ਵਾਸੀਆਂ ਵੱਲੋਂ ਕਾਬੂ
Bathinda News : ਬਠਿੰਡਾ ਦੇ ਪਿੰਡ ਘੁੱਦਾ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਘਰਾਂ ਵਿਚ ਪਾਣੀ ਨੂੰ ਡੀਜ਼ਲ ਦੱਸ ਕੇ ਭੋਲੇ- ਭਾਲੇ ਕਿਸਾਨਾਂ ਨਾਲ ਠੱਗੀ ਮਾਰਨ ਵਾਲੇ 2 ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਇਹ ਨੌਜਵਾਨ ਘਰਾਂ ਵਿਚ ਔਰਤਾਂ ਨੂੰ 70 ਰੁਪਏ ਲੀਟਰ ਦੇ ਹਿਸਾਬ ਨਾਲ ਪਾਣੀ ਨੂੰ ਡੀਜ਼ਲ ਦੱਸ ਕੇ ਵੇਚ ਜਾਂਦੇ ਸਨ। ਅੱਜ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ।
ਇਨ੍ਹਾਂ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਵਲੋਂ ਪਹਿਲਾਂ ਵੀ ਕਈ ਕਿਸਾਨਾਂ ਨਾਲ ਇਸ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਗਈਆਂ ਹਨ ਤਾਂ ਜਦੋਂ ਪਿੰਡ ਵਾਸੀਆਂ ਵਲੋਂ ਦੋਵਾਂ ਨੌਜਵਾਨਾਂ ਨੂੰ ਥਾਣਾ ਨੰਦਗੜ੍ਹ ਦੀ ਪੁਲਿਸ ਹਵਾਲੇ ਕਰਕੇ ਯੋਗ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਉਤੇ ਪਹੁੰਚੇ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਯੂਸਫ ਮੁਹੰਮਦ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਦੱਸ ਦੇਈਏ ਕਿ ਅਕਸਰ ਹੀ ਪਿੰਡਾਂ 'ਚ ਫੇਰੀ ਵਾਲੇ ਘਰੇਲੂ ਸਮਾਨ ਵੇਚਦੇ ਰਹਿੰਦੇ ਹਨ ਅਤੇ ਸਸਤਾ ਸਮਾਨ ਵੇਚਣ ਦੇ ਨਾਮ 'ਤੇ ਭੋਲੇ ਭਾਲੇ ਲੋਕਾਂ ਨੂੰ ਠੱਗ ਲੈਂਦੇ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਟ੍ਰੈਪ ਲਗਾ ਕੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਜੋ ਆਰਮੀ ਕੰਟੀਨ ਵਿੱਚੋਂ ਸਸਤਾ ਸਾਮਾਨ ਦਿਵਾਉਣ ਦੀ ਆੜ ਹੇਠ ਦੁਕਾਨਦਾਰਾਂ ਦੇ ਨਾਲ ਠੱਗੀ ਮਾਰਦੇ ਸਨ। ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗਿਰੋਹ ਹੁਣ ਤੱਕ ਦੁਕਾਨਦਾਰਾਂ ਨਾਲ 8 ਲੱਖ ਰੁਪਏ ਦੀ ਠੱਗੀ ਮਾਰ ਚੁੱਕਾ ਸੀ।
ਇਹ ਗਿਰੋਹ ਦੁਕਾਨਦਾਰਾਂ ਨੂੰ ਆਰਮੀ ਕੰਟੀਨ ਤਿਬੜੀ ਵਿਚੋਂ ਸਸਤਾ ਸਮਾਨ ਦਿਵਾਉਣ ਦੀ ਆੜ ਹੇਠ ਲੱਖਾਂ ਰੁਪਇਆ ਦੀ ਠੱਗੀ ਮਾਰ ਚੁੱਕਾ ਹੈ। ਜਾਣਕਾਰੀ ਮਿਲਣ ਤੇ ਟ੍ਰੈਪ ਲਗਾ ਕੇ ਇਸ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
- PTC NEWS