Ranjit Singh Gill VB raid : ਰਣਜੀਤ ਸਿੰਘ ਗਿੱਲ 'ਤੇ ਸਿਆਸੀ ਬਦਲਾਖੋਰੀ ਤਹਿਤ ਵਿਜੀਲੈਂਸ ਨੇ ਕੀਤੀ ਰੇਡ : ਅਸ਼ਵਨੀ ਸ਼ਰਮਾ
Ranjit Singh Gill VB raid : ਪੰਜਾਬ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਰਣਜੀਤ ਸਿੰਘ ਗਿੱਲ 'ਤੇ ਪਿਛਲੇ 15 ਦਿਨ ਤੋਂ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਸੀ ਪਰ ਜਦੋਂ ਰਣਜੀਤ ਸਿੰਘ ਗਿੱਲ ਆਪ ਪਾਰਟੀ ਨਾਲ ਸਹਿਮਤ ਨਾ ਹੋਏ ਅਤੇ ਦੇਸ਼ ਦੇ ਵਿਕਾਸ ਨੂੰ ਦੇਖਦੇ ਹੋਏ ਭਾਜਪਾ ਵਿੱਚ ਸ਼ਾਮਿਲ ਹੋ ਗਏ ਤਾਂ ਆਪ ਪਾਰਟੀ ਨੇ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਵਿਜੀਲੈਂਸ ਦੀ ਰੇਡ ਕਰਵਾਈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਣਜੀਤ ਸਿੰਘ ਗਿੱਲ ਵੱਲੋਂ ਭਾਜਪਾ ਜੁਆਇਨ ਕਰਦੇ ਹੀ 12 ਘੰਟੇ 'ਚ ਵਿਜੀਲੈਂਸ ਦੀ ਰੇਡ ਦਾ ਮਤਲਬ ਆਪ ਪਾਰਟੀ ਨੇ ਪੰਜਾਬ 'ਚ ਭਾਜਪਾ ਨੂੰ 2027 'ਚ ਆਪਣਾ ਬਦਲ ਮੰਨ ਲਿਆ ਹੈ। ਸ਼ਰਮਾ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਤੇ ਆਪ ਪਾਰਟੀ ਦੀ ਸਰਕਾਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬੀ ਕਦੇ ਕਿਸੇ ਤੋਂ ਨਹੀਂ ਡਰਦੇ। ਹੁਣ ਪੰਜਾਬੀਆਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਵਿੱਚ ਸਰਕਾਰ ਕੇਜਰੀਵਾਲ ਤੇ ਸਿਸੋਦੀਆ ਚਲਾ ਰਹੇ ਹਨ, ਜੋ ਪੰਜਾਬ ਨੂੰ ਲੁੱਟਣ ਦਾ ਕੰਮ ਕਰ ਰਹੇ ਹਨ।
ਇਸ ਛਾਪੇਮਾਰੀ ਵਿਰੁੱਧ ਭਾਜਪਾ ਨੇ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਅਤੇ ਸੀਪੀਐਸ ਕੇ.ਡੀ ਭੰਡਾਰੀ ਨੇ ਕਿਹਾ ਕਿ ਜਦੋਂ ਗਿਲਕੋ ਗ੍ਰੀਨ ਬਿਲਡਰ ਦੇ ਮਾਲਕ ਰਣਜੀਤ ਸਿੰਘ ਗਿੱਲ ਅਕਾਲੀ ਦਲ ਛੱਡ ਗਏ ਸਨ ਤਾਂ ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿ ਰਣਜੀਤ ਸਿੰਘ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਪਰ ਉਨ੍ਹਾਂ ਦੀਆਂ ਨੀਤੀਆਂ ਨੂੰ ਦੇਖ ਕੇ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਉਨ੍ਹਾਂ ਦੀ ਸ਼ਮੂਲੀਅਤ ਕੱਲ੍ਹ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਘਰ ਹੋਈ। ਇਸ ਤੋਂ ਬਾਅਦ ਬਦਲੇ ਦੀ ਭਾਵਨਾ ਰੱਖਦੇ ਹੋਏ ਪੰਜਾਬ ਸਰਕਾਰ ਨੇ ਰਣਜੀਤ ਸਿੰਘ ਦੇ ਘਰ ਵਿਜੀਲੈਂਸ ਛਾਪਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇੱਕ ਕੇਡਰ ਇਕੱਠਾ ਹੈ। ਜੇਕਰ ਕਿਸੇ ਵੀ ਭਾਜਪਾ ਵਰਕਰ ਜਾਂ ਕਿਸੇ ਵੀ ਨੇਤਾ ਵਿਰੁੱਧ ਕੋਈ ਗੈਰ-ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਭਾਜਪਾ ਜ਼ਰੂਰ ਇੱਕਜੁੱਟ ਹੋ ਕੇ ਇਸ ਵਿਰੁੱਧ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੱਜ ਵੀ ਪੰਜਾਬ ਸਰਕਾਰ ਦੇ ਇਸ ਨਿੰਦਣਯੋਗ ਕਾਰੇ ਨੂੰ ਭਾਜਪਾ ਵੱਲੋਂ ਪੂਰੇ ਪੰਜਾਬ ਵਿੱਚ ਜਨਤਾ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਓਧਰ ਰਣਜੀਤ ਸਿੰਘ ਗਿੱਲ ਨੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਮੇਰੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਨਰਾਜ਼ 'ਆਪ' ਸਰਕਾਰ ਬਦਲਾਖੋਰੀ ਉੱਪਰ ਉਤਾਰੂ। ਮੈਨੂੰ ਡਰਾਉਣ ਪ੍ਰੇਸ਼ਾਨ ਕਰਨ ਲਈ ਮੇਰੇ ਉੱਪਰ ਕਾਰਵਾਈ ਕਰਨ ਦੀ ਕੋਸ਼ਿਸ਼। ਲੋਕਤੰਤਰ ਵਿੱਚ ਕਿਸੇ ਵੀ ਪਾਰਟੀ ਵਿਚ ਸ਼ਾਮਿਲ ਹੋਣਾ ਹਰ ਨਾਗਰਿਕ ਦਾ ਸੰਵਿਧਾਨਿਕ ਹੱਕ। ਪੰਜਾਬ ਦੇ ਹੱਕ ਭਾਜਪਾ ਨਾਲ ਸੁਰੱਖਿਅਤ। ਮੈਨੂੰ ਅਦਾਲਤ ਉੱਪਰ ਇਨਸਾਫ਼ ਦਾ ਪੂਰਾ ਭਰੋਸਾ।
ਦੱਸ ਦੇਈਏ ਕਿ ਗਿਲਕੋ ਗਰੁੱਪ ਆਫ ਕੰਪਨੀਜ਼ ਦੇ ਐੱਮ. ਡੀ.ਰਣਜੀਤ ਸਿੰਘ ਗਿੱਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ‘ਚ ਬੀਤੇ ਦਿਨ ਭਾਜਪਾ ਜੁਆਇਨ ਕੀਤੀ ਸੀ। ਭਾਜਪਾ ‘ਚ ਸ਼ਾਮਲ ਹੁੰਦੇ ਹੀ ਰਣਜੀਤ ਸਿੰਘ ਗਿੱਲ ਦੇ ਘਰ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ। ਰਣਜੀਤ ਸਿੰਘ ਗਿੱਲ ਦੇ ਚੰਡੀਗੜ੍ਹ ਸਥਿਤ ਘਰ ‘ਚ ਪੰਜਾਬ ਵਿਜੀਲੈਂਸ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਹੈ।
- PTC NEWS