ਕਰਫ਼ਿਊ ਤੇ ਲਾਕਡਾਊਨ ਦੌਰਾਨ ਮਨੁੱਖਤਾ ਹੋਈ ਸ਼ਰਮਸਾਰ 8 ਸਾਲਾ ਬੱਚੀ ਦਾ ਬਲਾਤਕਾਰ ਤੇ ਕਤਲ

ਨੋਇਡਾ – ਜਿੱਥੇ ਇੱਕ ਪਾਸੇ ਦੇਸ਼-ਦੁਨੀਆ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜੱਦੋ-ਜਹਿਦ ਕਰ ਰਹੀ ਹੈ ਅਤੇ ਕਰਫ਼ਿਊ ਤੇ ਲਾਕਡਾਊਨ ਰਾਹੀਂ ਹਾਲਾਤਾਂ ‘ਤੇ ਕਾਬੂ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਨੋਇਡਾ ਤੋਂ ਆਈ ਇੱਕ ਖ਼ਬਰ ਨੇ ਮਨੁੱਖਤਾ, ਪ੍ਰਸ਼ਾਸਨ ਅਤੇ ਕਾਨੂੰਨ ਵਿਵਸਥਾ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ। ਨੋਇਡਾ ਨੇੜਲੇ ਸਲਾਰਪੁਰ ਤੋਂ ਇੱਕ 8 ਸਾਲਾਂ ਦੀ ਮਾਸੂਮ ਲੜਕੀ ਦੇ ਬਲਾਤਕਾਰ ਮਗਰੋਂ ਮੌਤ ਦੀ ਖ਼ਬਰ ਆਈ ਹੈ।

ਸਲਾਰਪੁਰ ਵਿਖੇ ਇਹ ਲੜਕੀ ਇੱਕ ਝੁੱਗੀ ਵਿੱਚ ਜ਼ਖਮੀ ਹਾਲਤ ਵਿੱਚ ਮਿਲੀ, ਜਿਸ ਤੋਂ ਬਾਅਦ ਉਸ ਨੂੰ ਚਾਈਲਡ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪਹੁੰਚਾਉਣ ਸਮੇਂ ਬੱਚੀ ਦੀ ਹਾਲਤ ਜ਼ਿਆਦਾ ਗੰਭੀਰ ਸੀ, ਅਤੇ ਉਸ ਦੇ ਨਿਜੀ ਅੰਗਾਂ ਵਿੱਚੋਂ ਕਾਫ਼ੀ ਖ਼ੂਨ ਵਹਿ ਰਿਹਾ ਸੀ। ਇਸ ਬਲਾਤਕਾਰ ਮਾਮਲੇ ‘ਚ ਪੁਲਿਸ ਨੇ ਇੱਕ 19 ਸਾਲਾਂ ਦੇ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਸਲਾਰਪੁਰ ਪਿੰਡ ਥਾਣਾ-49 ਅਧੀਨ ਪੈਂਦਾ ਹੈ ਅਤੇ ਇਸ ਮਾਮਲੇ ਬਾਰੇ ਡੀ.ਸੀ.ਪੀ. ਜ਼ੋਨ-1 ਸੰਕਲਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਤਹਿਤ ਦੋਸ਼ੀ 19 ਸਾਲ ਦੇ ਇੱਕ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲੜਕਾ ਬੱਚੀ ਦਾ ਗੁਆਂਢੀ ਹੈ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਜਨਤਾ ਨੂੰ ਘਰਾਂ ‘ਚ ਰਹਿਣ ਲਈ ਕਿਹਾ ਗਿਆ ਹੈ, ਉੱਥੇ ਕਰਫ਼ਿਊ ਤੇ ਲਾਕਡਾਊਨ ਕਾਰਨ ਆਵਾਜਾਈ ਅਤੇ ਹਸਪਤਾਲਾਂ ਤੱਕ ਪਹੁੰਚ ਵੀ ਆਮ ਵਰਗੀ ਆਸਾਨ ਨਹੀਂ। ਸੋ, ਅਜਿਹੇ ਮਾਹੌਲ ਵਿੱਚ ਇੱਕ ਬੱਚੀ ਦਾ ਬਲਾਤਕਾਰ ਹੋ ਜਾਣਾ, ਬਹੁਤ ਸ਼ਰਮਨਾਕ ਹੈ। ਹਾਲਾਂਕਿ ਚਰਚਿਤ ਨਿਰਭਇਆ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਕੁਝ ਹੀ ਸਮਾਂ ਪਹਿਲਾਂ ਦਿੱਤੀ ਗਈ ਹੈ, ਪਰ ਇਸ ਘਟਨਾ ਨੇ ਮੁੜ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਇਸ ਭੈੜੀ ਕਰਤੂਤ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਹਾਲੇ ਵੀ ਕਿਸੇ ਅੰਜਾਮ ਦੀ ਪਰਵਾਹ ਨਹੀਂ।