NRI ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ, ਸ਼ੱਕੀ ਕਿਰਾਏਦਾਰ ਫ਼ਰਾਰ

By Panesar Harinder - May 31, 2020 4:05 pm

ਜਲੰਧਰ - ਜਿਵੇਂ ਹੀ ਕੋਰੋਨਾ ਮਹਾਮਾਰੀ ਤੋਂ ਉੱਭਰਨ ਲਈ ਲੌਕਡਾਊਨ 'ਚ ਛੂਟ ਤੇ 'ਅਨਲੌਕ' ਪੜਾਅ ਦੀ ਸ਼ੁਰੂਆਤ ਹੋਈ, ਫ਼ਗਵਾੜਾ ਤੋਂ ਆਈ ਇੱਕ ਖ਼ਬਰ ਨੇ ਪੂਰੇ ਇਲਾਕੇ ਨੂੰ ਸੁੰਨ ਕਰਕੇ ਰੱਖ ਦਿੱਤਾ। ਖ਼ਬਰ ਫ਼ਗਵਾੜਾ ਦੇ ਓਂਕਾਰ ਨਗਰ ਤੋਂ ਹੈ ਜਿੱਥੇ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਪਰਤੇ NRI ਪਤੀ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਸ਼ੱਕੀ ਹਾਲਾਤਾਂ 'ਚ ਹੋਏ ਇਸ ਦੂਹਰੇ ਕਤਲ ਬਾਰੇ ਜਾਣ ਕੇ ਪੂਰੇ ਇਲਾਕੇ ਅੰਦਰ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਕਿਰਪਾਲ ਸਿੰਘ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਲਗਭਗ 6 ਮਹੀਨੇ ਪਹਿਲਾਂ ਵਿਦੇਸ਼ ਤੋਂ ਵਾਪਸ ਪਰਤੇ ਸਨ। ਪਤਾ ਲੱਗਾ ਹੈ ਕਿ ਇਸ NRI ਜੋੜੇ ਦੇ ਘਰ ਕਿਰਾਏਦਾਰ ਵੀ ਰਹਿ ਰਹੇ ਸਨ, ਜੋ ਇਸ ਵੇਲੇ ਫ਼ਰਾਰ ਹਨ। ਇਸ ਘਟਨਾ ਬਾਰੇ ਖੁਲਾਸਾ ਉਸ ਵੇਲੇ ਹੋਇਆ ਜਦੋਂ ਉਨ੍ਹਾਂ ਦੇ ਗੁਆਂਢੀਆਂ ਨੇ ਕਾਫੀ ਚਿਰ ਉਨ੍ਹਾਂ ਦੇ ਘਰੋਂ ਕਿਸੇ ਨੂੰ ਨਿੱਕਲਦੇ ਨਹੀਂ ਦੇਖਿਆ ਅਤੇ ਸ਼ੱਕ ਹੋਣ 'ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਵਾਲੀ ਥਾਂ 'ਤੇ ਪਹੁੰਚ ਪੁਲਿਸ ਨੇ ਜਦੋਂ ਘਰ ਖੋਲ੍ਹ ਕੇ ਦੇਖਿਆ, ਤਾਂ ਉਨ੍ਹਾਂ ਨੂੰ ਪਤੀ ਪਤਨੀ ਦੀਆਂ ਲਾਸ਼ਾਂ ਪਈਆਂ ਮਿਲੀਆਂ।

ਇਸ ਬਾਰੇ ਓਂਕਾਰ ਨਗਰ ਨਿਵਾਸੀ ਗੁਰਚਰਨ ਸਿੰਘ ਨੇ ਦੱਸਿਆ ਕਿ NRI ਦਵਿੰਦਰ ਕੌਰ ਅਤੇ ਉਨ੍ਹਾਂ ਦੀਆਂ ਸਹੇਲੀਆਂ ਹਰ ਰੋਜ਼ ਗੁਰਦੁਆਰੇ ਜਾਂਦੀਆ ਸਨ, ਪਰ ਪਿਛਲੇ ਦੋ ਦਿਨ ਤੋਂ ਉਨ੍ਹਾਂ ਨੂੰ ਨਹੀਂ ਦੇਖਿਆ ਸੀ, ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਦੇ ਘਰ ਦਾ ਦਰਵਾਜਾ ਖੜਕਾਇਆ ਸੀ, ਪਰ ਕਿਰਾਏਦਾਰ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਉਹ ਸੌਂ ਰਹੇ ਹਨ। ਇਸ ਤੋਂ ਬਾਅਦ ਸਾਨੂੰ ਸ਼ੱਕ ਹੋ ਗਿਆ ਅਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਮਾਮਲੇ ਦੀ ਜਾਂਚ 'ਚ ਲੱਗੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਹੇਠ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਵੀ ਕਿਰਾਏਦਾਰਾਂ ਉਤੇ ਸ਼ੱਕ ਹੈ। ਪੁਲਿਸ ਵਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਛਾਣਬੀਣ ਤੋਂ ਬਾਅਦ ਸੱਚ ਸਾਹਮਣੇ ਲਿਆਂਦਾ ਜਾਵੇਗਾ।

ਦੇਸ਼ਵਿਆਪੀ ਲੌਕਡਾਊਨ ਕਾਰਨ ਰੁਕੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਦੀ ਸ਼ੁਰੂਆਤ ਨਾਲ ਹੀ ਅਜਿਹੀਆਂ ਖ਼ਬਰਾਂ ਦਾ ਸਾਹਮਣੇ ਆਉਣਾ, ਸਮਾਜ ਅੰਦਰ ਰਹਿਣ ਵਾਲੇ ਹਰ ਸੱਭਿਅਕ ਨਾਗਰਿਕ ਅੰਦਰ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਹੈ।

adv-img
adv-img