ਪੰਜਾਬ

ਅਜ਼ਾਦੀ ਦਿਹਾੜੇ ਮੌਕੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਲਿਆ ਹਿਰਾਸਤ 'ਚ

By Riya Bawa -- August 15, 2022 12:50 pm -- Updated:August 15, 2022 1:44 pm

ਬਠਿੰਡਾ: ਆਜ਼ਾਦੀ ਦਿਹਾੜੇ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਧਰਨਾਕਾਰੀਆਂ ਨੂੰ ਬਠਿੰਡਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਹਮੇਸ਼ਾ ਗਰੀਬ ਲੋਕਾਂ ਦਾ ਸ਼ੋਸ਼ਣ ਕਰਦੀ ਆਈ ਹੈ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਠੇਕਾ ਮੁਲਾਜ਼ਮਾਂ ਦੀ ਲਲਕਾਰ, ਕੰਪਨੀਆਂ- ਠੇਕੇਦਾਰਾਂ ਨੂੰ ਅਦਾਰਿਆਂ ਵਿੱਚੋਂ ਕੱਢੋ ਬਾਹਰ: ਗੁਰਵਿੰਦਰ ਸਿੰਘ ਪੰਨੂ

ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ, ਹੁਣ ਉਨ੍ਹਾਂ ਦੀ ਸਰਕਾਰ ਹੈ ਅਤੇ ਪੁਲਿਸ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਨਾਲ ਧੱਕਾ ਕਰ ਰਹੀ ਹੈ, ਪੁਲਿਸ ਨੇ ਕੁੱਟਮਾਰ ਕੀਤੀ। ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਅਤੇ ਕਿਹਾ ਕਿ ਇਹ ਆਜ਼ਾਦੀ ਹੈ।

ਦੱਸ ਦੇਈਏ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾ ਆਗੂ ਗੁਰਵਿੰਦਰ ਪੰਨੂ, ਸੰਦੀਪ ਖਾਨ, ਖੁਸਦੀਪ ਸਿੰਘ, ਹਰਜਿੰਦਰ ਸਿੰਘ ਬਰਾੜ, ਜਗਜੀਤ ਸਿੰਘ ਬਰਾੜ, ਇਕਬਾਲ ਸਿੰਘ ਤੇ ਕਰਮਜੀਤ ਦਿਓੁਣ ਅਤੇ ਰਾਮਵਰਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਸਮੁੱਚੇ ਪੰਜਾਬ ਵਿੱਚ ਮੋਰਚੇ ਦੇ ਬੈਨਰ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸ ਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਵੱਲੋਂ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਉਹ ਅੱਜ ਇਥੇ ਇਕੱਠੇ ਹੋਏ ਹਨ।

ਉਲੀਕੇ ਇਸ ਸੰਘਰਸ਼ ਤਹਿਤ ਰੋਜਗਾਰਡਨ ਚੌਂਕ ਵਿਖੇ ਠੇਕਾ ਮੁਲਾਜ਼ਮਾਂ ਵੱਲੋਂ ਰੈਲੀ ਕਰਨ ਉਪਰੰਤ ਸ਼ਹਿਰ/ਕਸਬੇ ਵਿੱਚ ਕਾਲੇ ਝੰਡਿਆਂ,ਕਾਲੇ ਚੋਲ਼ੇ ਪਾ ਕੇ, ਕਾਲੇ ਬਿੱਲੇ ਲਾ ਕੇ ਰੋਹ ਭਰਪੂਰ ਰੋਸ ਮਾਰਚ ਕਰਨ ਲੱਗੇ ਹੋਏ ਸੀ ਕਿ ਮੌਕੇ 'ਤੇ ਪ੍ਰਸ਼ਾਸਨ ਵੱਲੋਂ ਠੇਕਾ ਕਾਮਿਆਂ ਨੂੰ ਜਬਰੀ ਪੁਲਿਸ ਬੱਸਾਂ 'ਚ ਡੱਕ ਕੇ ਥਾਣੇ ਬੰਦ ਕੀਤਾ ਗਿਆ। ਧਰਨਾਕਾਰੀਆਂ ਨੂੰ ਬਠਿੰਡਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਸਮੇਂ ਸੂਬਾ ਆਗੂਆਂ ਨੇ ਕਿਹਾ ਕਿ ਅਖੌਤੀ ਆਜ਼ਾਦੀ ਦੇ ਮੌਕੇ ਸਰਕਾਰ ਗੱਲ ਸੁਣਨ ਦੀ ਬਜਾਏ ਹੱਕੀ ਮੰਗ ਕਰਨ ਵਾਲੇ ਠੇਕਾ ਕਾਮਿਆਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਪਰ ਸੰਘਰਸ਼ੀ ਲੋਕ ਜੇਲ੍ਹਾਂ ਥਾਣਿਆਂ ਤੋਂ ਨਹੀਂ ਡਰਦੇ। ਇਸ ਸਮੇਂ ਸੂਬਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਦੇ ਸਮੂਹ ਅਦਾਰਿਆਂ ਦਾ ਨਿੱਜੀਕਰਨ ਬੰਦ ਕਰੋ, ਬਿਜਲੀ, ਪਾਣੀ, ਸਿਹਤ, ਸਿੱਖਿਆ, ਟ੍ਰਾਂਸਪੋਰਟ, ਰੇਲਵੇ, ਬੈਂਕਾਂ-ਐੱਲ.ਆਈ.ਸੀ.ਅਤੇ ਦੂਰ-ਸੰਚਾਰ ਵਿੱਚੋਂ ਕਾਰਪੋਰੇਟ ਘਰਾਣਿਆਂ, ਕੰਪਨੀਆਂ ਅਤੇ ਠੇਕੇਦਾਰਾਂ ਨੂੰ ਬਾਹਰ ਕਰੋ,ਸੇਵਾ ਦੇ ਸਮੂਹ ਅਦਾਰਿਆਂ ਦਾ ਕੰਟਰੋਲ ਸਰਕਾਰਾਂ ਆਪਣੇ ਹੱਥਾਂ ਵਿੱਚ ਲੈ ਕੇ ਚਲਾਉਣਾ ਯਕੀਨੀ ਕਰੋ।

ਠੇਕਾ ਮੁਲਾਜ਼ਮਾਂ ਦੀ ਲਲਕਾਰ, ਕੰਪਨੀਆਂ- ਠੇਕੇਦਾਰਾਂ ਨੂੰ ਅਦਾਰਿਆਂ ਵਿੱਚੋਂ ਕੱਢੋ ਬਾਹਰ: ਗੁਰਵਿੰਦਰ ਸਿੰਘ ਪੰਨੂ

ਸਮੂਹ ਸਰਕਾਰੀ ਵਿਭਾਗਾਂ ਵਿੱਚ ਆਊਟਸੋਰਸ ਅਤੇ ਇਨਲਿਸਟਮੈਂਟ ਭਰਤੀ ਬੰਦ ਕਰਕੇ ਸਿੱਧੀ ਰੈਗੂਲਰ ਭਰਤੀ ਕਰੋ,ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਉਤੇ ਬਿਨਾਂ ਕਿਸੇ ਸ਼ਰਤ ਰੈਗੂਲਰ ਕਰੋ,ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਲਈ ਘੱਟੋ-ਘੱਟ ਉਜਰਤ ਦੇ ਕਾਨੂੰਨ 1948 ਤਹਿਤ ਤਨਖਾਹਾਂ ਨਿਸ਼ਚਿਤ ਕਰੋ,ਸਮੂਹ ਸਰਕਾਰੀ ਅਦਾਰਿਆਂ ਦੀ ਸੰਪਤੀ ਦੀ ਕੰਪਨੀਆਂ ਅਤੇ ਠੇਕੇਦਾਰਾਂ ਰਾਹੀਂ ਕਰਵਾਈ ਜਾ ਰਹੀ ਅੰਨ੍ਹੀ ਲੁੱਟ ਬੰਦ ਕਰੋ,ਕਿਸਾਨ-ਮਜ਼ਦੂਰ-ਮੁਲਾਜ਼ਮ ਏਕਤਾ ਨੂੰ ਵੰਡਣ/ਪਾੜਨ ਦੀਆਂ ਫ਼ਿਰਕੂ ਪਾਟਕਪਾਊ ਚਾਲਾਂ ਬੰਦ ਕਰੋ,ਜਬਰ ਦੇ ਜ਼ੋਰ ਨਾਲ ਹੱਕ-ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਫਾਸ਼ੀ ਹੱਲੇ ਬੰਦ ਕਰੋ,ਟਰੇਡ ਯੂਨੀਅਨ ਅਧਿਕਾਰਾਂ ਤੇ ਕਾਰਪੋਰੇਟੀ ਲੋੜਾਂ ਮੁਤਾਬਕ ਵਿੱਢੇ ਹਮਲਿਆਂ ਨੂੰ ਬੰਦ ਕਰੋ,ਲੋਕਾਂ ਦੇ ਮੁੱਢਲੇ ਜਮਹੂਰੀ ਅਧਿਕਾਰ ਬਹਾਲ ਕਰੋ।

ਇਸ ਸਮੇਂ ਹਾਜ਼ਿਰ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਵਾਜ਼ਬ ਦੱਸਦੇ ਹੋਏ ਕਿਹਾ ਕਿ ਭਾਰਤੀ ਕਾਨੂੰਨ ਮੁਤਾਬਿਕ ਪੱਕੇ ਕੰਮ ਲਈ-ਪੱਕੇ ਰੁਜ਼ਗਾਰ ਦੀ ਨੀਤੀ ਤੈਅ ਸੀ ਪਰ ਭਾਰਤੀ ਸਰਕਾਰਾਂ ਵੱਲੋਂ ਕਾਰਪੋਰੇਟ ਲੁੱਟ ਅਤੇ ਮੁਨਾਫਿਆਂ ਦੀ ਲੋੜ ਵਿੱਚੋਂ ਪੱਕੇ ਕੰਮ ਦੇ ਬਾਵਜੂਦ ਪੱਕਾ ਰੁਜ਼ਗਾਰ ਦੇਣ ਤੋਂ ਆਪਣਾ ਪੱਲਾ ਝਾੜ ਦਿੱਤਾ ਹੈ ਪੱਕੇ ਰੋਜ਼ਗਾਰ ਦੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਲਈ ਸਰਕਾਰੀ ਅਦਾਰਿਆਂ ਵਿੱਚ ਆਊਟਸੋਰਸ਼ਡ ਠੇਕਾ ਪ੍ਰਣਾਲੀ ਨੂੰ ਇੱਕ ਸੋਚੀ ਸਮਝੀ ਸਕੀਮ ਤਹਿਤ ਲਾਗੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Happy Independence Day 2022: ਸੁਤੰਤਰਤਾ ਦਿਵਸ ਮੌਕੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਭੇਜੋ ਇਹ ਵਿਸ਼ੇਸ਼ ਸੰਦੇਸ਼

ਇਸ ਸਕੀਮ ਤਹਿਤ ਜਿੱਥੇ ਹਜ਼ਾਰਾਂ ਆਊਟਸੋਰਸ਼ਡ ਮੁਲਾਜਮਾਂ ਦਾ ਰੈਗੂਲਰ ਹੋਣ ਦਾ ਹੱਕ ਖ਼ਤਮ ਕਰ ਦਿੱਤਾ ਗਿਆ ਹੈ,ਉੱਥੇ ਕੰਪਨੀਆ ਅਤੇ ਠੇਕੇਦਾਰਾਂ ਨੂੰ ਸਰਕਾਰੀ ਵਿਭਾਗਾਂ ਵਿੱਚ ਆਊਟਸੋਰਸਡ ਮੁਲਾਜ਼ਮਾਂ ਦੀ ਬੇਰਹਿਮ ਲੁੱਟ ਕਰਨ ਦਾ ਲਾਈਸੈਂਸ ਦੇ ਦਿੱਤਾ ਹੈ,ਸਰਕਾਰ ਵੱਲੋਂ ਘੱਟੋ-ਘੱਟ ਉਜਰਤ ਦੇ ਕਾਨੂੰਨ 1948 ਤਹਿਤ ਤਨਖਾਹ ਦੇਣ ਦੇ ਕੀਤੇ ਐਗਰੀਮੈਂਟ ਮੁਤਾਬਿਕ ਇੱਕ ਅਣ-ਸਿਖਿਅਤ ਠੇਕਾ ਮੁਲਾਜ਼ਮ ਦੀ ਤਨਖਾਹ ਪੱਚੀ ਹਜ਼ਾਰ ਰੁਪਏ ਪ੍ਰਤੀ ਮਹੀਨਾ ਬਣਦੀ ਹੈ ਪਰ ਅੱਜ ਸਮੂਹ ਸਰਕਾਰੀ ਵਿਭਾਗਾਂ ਵਿੱਚ ਕੰਪਨੀਆਂ ਅਤੇ ਠੇਕੇਦਾਰਾਂ ਵੱਲੋਂ ਠੇਕਾ ਪ੍ਰਣਾਲੀ ਤਹਿਤ ਪ੍ਰਤੀ ਮੁਲਾਜ਼ਮ ਨੌਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਕਿ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋਂ ਸਰਕਾਰ 18% ਜੀ.ਐੱਸ.ਟੀ.,16% ਕੰਪਨੀਆਂ ਅਤੇ ਠੇਕੇਦਾਰਾਂ ਦਾ ਹਿੱਸਾ,05% ਦੇ ਲਗਭਗ ਸਰਵਿਸ਼ ਚਾਰਜ਼ ਦੇ ਰੂਪ ਵਿੱਚ ਕੁੱਲ 39% ਪਰਸੈਂਟ ਕਮਾਈ ਖੁਦ ਡਕਾਰ ਜਾਂਦੇ ਹਨ। ਇਸ ਤਰਾਂ ਕੰਪਨੀਆਂ ਅਤੇ ਠੇਕੇਦਾਰ ਇੱਕ ਪਾਸੇ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਲੁੱਟ ਕਰਨ ਦੇ ਨਾਲ਼-ਨਾਲ਼ ਦੂਸਰੇ ਪਾਸੇ ਸਰਕਾਰੀ ਖ਼ਜ਼ਾਨੇ ਨੂੰ ਵੀ ਚੂਨਾ ਲਾ ਰਹੇ ਹਨ। ਇਸੇ ਵਜ੍ਹਾ ਕਰਕੇ ਹੀ ਇਹ ਨਿੱਜੀਕਰਨ ਦੇ ਹੱਲੇ ਅਤੇ ਇਸ ਦਾ ਅੰਗ ਬਣਦੇ ਆਊਟਸੋਰਸ਼ਡ ਸਿਸਟਮ ਨੂੰ ਬਹਾਲ ਰੱਖਣ ਲਈ ‌ਸਰਕਾਰਾਂ ਬਜਿੱਦ ਹਨ,ਸਰਕਾਰ ਇੱਕ ਪਾਸੇ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਇਨਕਾਰੀ ਹੈ।

ਦੂਸਰੇ ਪਾਸੇ ਬਾਹਰੋਂ ਪੱਕੀ ਭਰਤੀ ਕਰਨ ਦੇ ਬਿਆਨ ਦੇ ਕੇ ਪੰਜਾਬ ਦੇ ਇਨਸਾਫ਼-ਪਸੰਦ ਲੋਕਾਂ ਨੂੰ ਗੁੰਮਰਾਹ ਕਰਕੇ ਉਹਨ੍ਹਾਂ ਵਿੱਚ ਨਫ਼ਰਤ ਦੇ ਬੀਜ ਬੀਜਣ ਦਾ ਧੰਦਾ ਕਰ ਰਹੀ ਹੈ। ਬਾਹਰੋਂ ਪੱਕੀ ਭਰਤੀ ਕਰਨ ਦੇ ਫੁਰਮਾਨ ਨਾਲ‌ ਸਾਲਾਂ-ਵੱਧੀ ਅਰਸ਼ੇ ਤੋਂ ਸਰਕਾਰੀ ਵਿਭਾਗਾਂ ਵਿੱਚ ਸੇਵਾਵਾਂ ਦੇ ਰਹੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਦੇ ਰੈਗੂਲਰ ਹੋਣ ਦਾ ਹੱਕ ਖੋਹ ਰਹੀ ਹੈ। ਦੂਸਰੇ ਪਾਸੇ ਵਿਭਾਗਾਂ ਵਿੱਚ ਬਾਹਰੋਂ ਸਿੱਧੀ ਭਰਤੀ ਕਰਕੇ ਆਊਟਸੋਰਸਡ ਮੁਲਾਜ਼ਮਾਂ ਦੀ ਛਾਂਟੀ ਕਰਨ ਜਾ ਰਹੀ ਹੈ,ਸਰਕਾਰ ਦੀ ਇਹ ਦੀ ਮੁਲਾਜ਼ਮ-ਮਾਰੂ ਕਰਤੂਤ ਬਰਨਾਲਾ ਜ਼ਿਲੇ ਦੇ ਡੀ.ਸੀ.ਦਫ਼ਤਰ ਵਿੱਚ ਸਾਲਾਂ-ਵੱਧੀ ਅਰਸੇ ਤੋਂ ਸੇਵਾਵਾਂ ਦੇ ਰਹੇ। ਆਊਟਸੋਰਸ਼ਡ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਬਾਹਰੋਂ ਸਿੱਧੀ ਭਰਤੀ ਕਰਨ ਦੇ ਫੁਰਮਾਨ ਨਾਲ਼ ਜੱਗ-ਜ਼ਾਹਿਰ ਹੋ ਗਈ ਹੈ।

 

ਠੇਕਾ ਮੁਲਾਜ਼ਮਾਂ ਦੀ ਲਲਕਾਰ, ਕੰਪਨੀਆਂ- ਠੇਕੇਦਾਰਾਂ ਨੂੰ ਅਦਾਰਿਆਂ ਵਿੱਚੋਂ ਕੱਢੋ ਬਾਹਰ: ਗੁਰਵਿੰਦਰ ਸਿੰਘ ਪੰਨੂ

ਮੋਰਚੇ ਦੇ ਆਗੂਆਂ ਵੱਲੋਂ ਪੰਜਾਬ ਦੇ ਸਮੂਹ ਇਨਸਾਫ਼-ਪਸੰਦ ਲੋਕਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹਨ੍ਹਾਂ ਦਾ ਇਹ ਸੰਘਰਸ਼ ਸਿਰਫ਼ ਪੱਕੇ ਰੁਜ਼ਗਾਰ ਤੱਕ ਸੀਮਤ ਨਹੀਂ ਹੈ ਸਗੋਂ ਇਹ ਦੇਸ਼ ਦੇ ਮਿਹਨਕਸ਼ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ ਉਸਾਰੇ ਗਏ ਸੇਵਾ ਦੇ ਅਦਾਰਿਆਂ ਨੂੰ ਬਚਾਉਣ ਲਈ ਹੈ। ਆਗੂਆਂ ਨੇ ਕੇਂਦਰੀ ਹਕੂਮਤ ਵੱਲੋਂ ਤਿਰੰਗਾ ਯਾਤਰਾ ਦੇ ਸਬੰਧ ਵਿੱਚ ਕਿਹਾ ਕਿ ਭਾਜਪਾ ਹਕੂਮਤ ਇੱਕ ਪਾਸੇ ਦੇਸ਼ ਦੇ ਕੁੱਲ ਪੈਦਾਵਾਰੀ ਵਸੀਲਿਆ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਲੁਟੇਰਿਆਂ ਅੱਗੇ ਲੁੱਟ ਅਤੇ ਮੁਨਾਫਿਆਂ ਲਈ ਮਿਹਨਤ ਸ਼ਕਤੀ ਸਮੇਤ ਪਰੋਸਕੇ ਦੇਸ਼ ਅਤੇ ਲੋਕ ਵਿਰੋਧੀ ਕੁਕਰਮ ਕਰ ਰਹੀ ਹੈ। ਦੂਸਰੇ ਪਾਸੇ ਤਿਰੰਗਾ ਯਾਤਰਾ ਦਾ ਨਾਟਕ ਕਰਕੇ ਇਸ ਕੁਕਰਮ ਤੇ ਦੇਸ਼ ਭਗਤੀ ਦਾ ਪਰਦਾ ‌ਪਾ ਕੇ ਲੋਕ ਰੋਹ ਤੇ ਠੰਡਾ ਛਿੜਕ ਰਹੀ ਹੈ। ਆਗੂਆਂ ਨੇ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਜੋ ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ ਉਹ ਵੀ ਕੇਂਦਰ ਸਰਕਾਰ ਦੇ ਨਕਸ਼ੇ-ਕਦਮ ਤੇ ਚਲਦਿਆਂ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਵੱਲ ਤੇਜ਼ੀ ਨਾਲ਼ ਕਦਮ ਵਧਾ ਰਹੀ ਹੈ ਅਤੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰਨ ਤੋਂ ਭੱਜ ਰਹੀ ਹੈ,ਆਗੂਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਮੂਹ ਵਿਭਾਗਾਂ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਜਲਦ ਰੈਗੂਲਰ ਅਤੇ ਬਰਨਾਲਾ ਡੀ.ਸੀ.ਦਫ਼ਤਰ ਦੇ ਠੇਕਾ ਮੁਲਾਜ਼ਮਾਂ ਨੂੰ ਬਹਾਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਠੇਕਾ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਜਿਸਦੀ ਸਾਰੀ ਜ਼ੁਮੇਵਾਰੀ ਸਰਕਾਰ ਦੀ ਹੋਵੇਗੀ!

 

-PTC News

  • Share