adv-img
ਮੁੱਖ ਖਬਰਾਂ

ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਰਿਸ਼ਵਤ ਰਾਹੀਂ ਹੋ ਰਹੀ ਆਊਟਸੋਰਸਿੰਗ ਭਰਤੀ - ਰੇਸ਼ਮ ਸਿੰਘ ਗਿੱਲ

By Jasmeet Singh -- September 26th 2022 06:01 PM -- Updated: September 26th 2022 06:05 PM

ਚੰਡੀਗੜ੍ਹ, 26 ਸਤੰਬਰ: ਅੱਜ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਦੇ 27 ਡੀਪੂਆਂ ਦੀ ਸੂਬਾ ਪੱਧਰੀ ਮੀਟਿੰਗ ਮਗਰੋਂ ਚੰਡੀਗੜ 'ਚ ਪ੍ਰੈਸ ਕਾਨਫ਼ਰੰਸ ਕੀਤੀ ਗਈ। ਜਿਸ ਵਿੱਚ ਬੋਲਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ, ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਬਲਜੀਤ ਸਿੰਘ,ਕੈਸ਼ੀਅਰ ਬਲਜਿੰਦਰ ਸਿੰਘ,ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨੌਜਵਾਨਾ ਨੂੰ ਪੱਕਾ ਕਰਨ ਦੀ ਗੱਲ ਕਰ ਰਹੀ ਹੈ ਤੇ ਸੱਤਾ ਵਿੱਚ ਵੀ ਆਉਣ ਸਮੇਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕੀ ਪੱਕਾ ਰੋਜ਼ਗਾਰ ਦਿਆਂਗੇ। ਪਰ ਹੁਣ ਸਰਕਾਰ ਨੇ ਉਲਟਾ ਟਰਾਂਸਪੋਰਟ ਵਿਭਾਗ ਵਿੱਚ ਫੇਰ ਤੋਂ ਆਊਟ ਸੋਰਸਿੰਗ ਦੀ ਭਰਤੀ ਕੱਢਣੀ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਇਲਜ਼ਾਮ ਲਾਇਆ ਕਿ ਭਰਤੀ ਵਿੱਚ ਲੱਖਾਂ ਰੁਪਏ ਰਿਸ਼ਵਤ ਚੱਲ ਰਹੀ ਹੈ ਅਤੇ ਇਸ ਦੇ ਸਬੂਤ ਸਮੇਂ ਸਮੇਂ 'ਤੇ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਸਰਕਾਰ ਨੂੰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਵੀ ਕੇਵਲ ਦਿਖਾਵੇ ਕਰ ਰਹੀ ਹੈ। ਕੁਰੱਪਸ਼ਨ ਦਾ ਬੋਲਬਾਲਾ ਸਿਖ਼ਰਾਂ ਤੇ ਹੈ ਅਤੇ 9100 ਰੁਪਏ ਦੀ ਆਊਟਸੋਰਸਿੰਗ ਭਰਤੀ ਵਿੱਚ 1 ਲੱਖ ਰੁਪਏ ਤੋਂ ਵੱਧ ਰਿਸ਼ਵਤ ਚੱਲਣ ਤੱਕ ਦੇ ਸਬੂਤ ਯੂਨੀਅਨ ਕੋਲ ਹੈ ਅਤੇ ਇਸ ਵਿੱਚ ਉੱਚ ਅਧਿਕਾਰੀਆਂ ਸਮੇਤ ਹੈੱਡ ਆਫ਼ਿਸ ਡਾਇਰੈਕਟਰ ਦਫ਼ਤਰ ਤੱਕ ਦੇ ਅਧਿਕਾਰੀ ਸ਼ਾਮਿਲ ਹੋਣ ਦੇ ਸਬੂਤ ਹਨ।

ਉਨ੍ਹਾਂ ਕਿਹਾ ਕਿ ਇਹ ਕਾਰਨ ਹੈ ਕਿ ਅਫ਼ਸਰਸ਼ਾਹੀ ਆਊਟਸੋਰਸਿੰਗ ਦੀ ਭਰਤੀ ਕਰਨ ਲਈ ਪੱਬਾਂਭਾਰ ਹੋਈ ਬੈਠੀ ਹੈ ਦੂਸਰੇ ਪਾਸੇ ਜੋ ਅਧਿਕਾਰੀ ਉੱਚ ਅਹੁਦਿਆਂ 'ਤੇ ਲਗਾਏ ਗਏ ਹਨ ਉਨ੍ਹਾਂ ਉੱਪਰ ਪਹਿਲਾਂ ਹੀ ਕੁਰੱਪਸ਼ਨ ਦੇ ਗੰਭੀਰ ਦੋਸ਼ ਲੱਗੇ ਹੋਏ ਹਨ ਅਤੇ ਵਿਜੀਲੈਂਸ ਬਿਊਰੋ ਤੱਕ ਨੇ ਫੜੇ ਹਨ ਪਰੰਤੂ ਸਰਕਾਰ ਮਹਿਕਮੇ ਨੂੰ ਕੁਰੱਪਸ਼ਨ ਮੁਕਤ ਨਹੀਂ ਕਰਨਾ ਚਾਹੁੰਦੀ। ਟਰਾਂਸਪੋਰਟ ਮਾਫ਼ੀਆ ਸਮੇਤ ਸਭ ਕੁੱਝ ਪਹਿਲਾਂ ਨਾਲੋਂ ਸਿਖ਼ਰਾਂ 'ਤੇ ਚੱਲ ਰਿਹਾ ਹੈ, ਪੰਜਾਬ ਵਿੱਚ ਸਪੈਸ਼ਲ ਬੱਸਾਂ ਚੱਲਣ ਤੋਂ ਇਲਾਵਾ ਪੰਜਾਬ ਵਿੱਚੋਂ ਸਾਰੇ ਸ਼ਹਿਰਾਂ ਨੂੰ ਸਲੀਪਰ ਕੋਚ ਬੱਸਾਂ ਚੱਲ ਰਹੀਆਂ ਹਨ ਅਤੇ ਢੋਅ ਢੁਆਈ ਸਮੇਤ ਲੱਖਾਂ ਦਾ ਟੈਕਸ ਚੋਰੀ ਕਰ ਰਹੇ ਹਨ, ਟਾਈਮ ਟੇਬਲਾਂ ਵਿੱਚ ਵੱਡੇ ਪੱਧਰ ਤੇ ਧਾਂਦਲੀਆਂ ਹਨ ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਵਾਰ ਵਾਰ ਜਾਣੂ ਕਰਵਾਉਣ 'ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਤੋਂ ਸਿੱਧ ਹੁੰਦਾ ਹੈ ਕਿ ਕੁਰੱਪਸ਼ਨ ਦਾ ਬੋਲਬਾਲਾ ਸਿਖ਼ਰਾਂ 'ਤੇ ਹੈ।


ਇਹ ਵੀ ਪੜ੍ਹੋ: ਸਬ ਇੰਸਪੈਕਟਰ ਦੀ ਗੱਡੀ 'ਚ ਬੰਬ ਲਾਉਣ ਵਾਲੇ ਯੁਵਰਾਜ ਕੋਲੋਂ ਦੋ ਪਿਸਤੌਲ, ਡੈਟੋਨੇਟਰ ਤੇ IED ਦਾ ਬਚਿਆ ਮਟੀਰੀਅਲ ਬਰਾਮਦ

ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਗੁਜਰਾਤ ਜਾ ਕੇ ਵੋਟਾਂ ਵਟੋਰਨ ਲਈ ਪੰਜਾਬ ਦੇ ਲੋਕਾਂ ਵਾਂਗੂ ਮੂਰਖ ਬਣਾ ਰਿਹਾ ਹੈ ਤੇ ਉੱਥੇ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵੇ ਕਰ ਰਿਹਾ ਹੈ ਪਰ ਪੰਜਾਬ ਦੇ ਮੁਲਾਜ਼ਮਾਂ ਦੇ ਮਸਲੇ ਜਿਉਂ ਦੇ ਤਿਉਂ ਖੜੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਤਾਂ ਅਸੀਂ ਗੁਜਰਾਤ ਜਾਂ ਜਿੱਥੇ ਵੀ ਚੋਣਾਂ ਹਨ ਉੱਥੇ ਜਾ ਕੇ ਇਸ ਸਰਕਾਰ ਦਾ ਭੰਡੀ ਪ੍ਰਚਾਰ ਕਰਾਂਗੇ ਤੇ ਲੋਕਾਂ ਨੂੰ ਅਸਲੀਅਤ ਦੱਸਾਂਗੇ ਕਿ ਪੰਜਾਬ ਦੇ ਮਸਲੇ ਅਜੇ ਹੱਲ ਨਹੀਂ ਹੋਏ।-PTC News

  • Share