ਮੁੱਖ ਖਬਰਾਂ

72 ਸਾਲਾਂ ਦੀ ਅਰਦਾਸ ਹੋਈ ਪੂਰੀ, PM ਇਮਰਾਨ ਖਾਨ ਨੇ ਪਾਕਿ ਵਾਲੇ ਪਾਸਿਓਂ ਕੀਤਾ ਲਾਂਘੇ ਦਾ ਉਦਘਾਟਨ 

By Jashan A -- November 09, 2019 4:11 pm -- Updated:Feb 15, 2021

72 ਸਾਲਾਂ ਦੀ ਅਰਦਾਸ ਹੋਈ ਪੂਰੀ, PM ਇਮਰਾਨ ਖਾਨ ਨੇ ਪਾਕਿ ਵਾਲੇ ਪਾਸਿਓਂ ਕੀਤਾ ਲਾਂਘੇ ਦਾ ਉਦਘਾਟਨ,ਸ੍ਰੀ ਕਰਤਾਰਪੁਰ ਸਾਹਿਬ: ਸਿੱਖ ਸੰਗਤਾਂ ਵੱਲੋਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਭਾਰਤ -ਪਾਕਿਸਤਾਨ ਵੱਲੋਂ ਖੋਲ੍ਹਿਆ ਗਿਆ ਹੈ।

ਭਾਰਤ ਵਾਲੇ ਪਾਸਿਓਂ ਜਿਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ, ਉਥੇ ਹੀ ਪਾਕਿਸਤਾਨ ਵਾਲੇ ਪਾਸਿਓਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦਾ ਉਦਘਾਟਨ ਕਰ ਇਤਿਹਾਸ ਰਚ ਦਿੱਤਾ ਹੈ। ਇਸ ਮੌਕੇ ਇਮਰਾਨ ਖਾਨ ਨਾਲ ਪਾਕਿ ਵੱਲੋਂ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਸਣੇ ਉੱਘੀਆਂ ਸਖਸ਼ੀਅਤਾਂ ਮੌਜੂਦ ਰਹੀਆਂ। ਉਥੇ ਹੀ ਦੇਸ਼ ਵਿਦੇਸ਼ ਤੋਂ ਆਈਆਂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ।

ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੀਡੋਰ ਦੇ ਉਦਘਾਟਨ ਦੇ ਬਾਅਦ ਪਹਿਲਾ ਜਥਾ ਰਵਾਨਾ ਕੀਤਾ ਗਿਆ। ਪਹਿਲੇ ਜਥੇ ਵਿਚ ਕੈਪਟਨ ਅਮਰਿੰਦਰ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਵਿੱਚ ਐਤਕੀਂ ਡਾਢਾ ਉਤਸ਼ਾਹ ਹੈ। ਹਰ ਕੋਈ ਕਰਤਾਰਪੁਰ ਸਾਹਿਬ ਸਥਿਤ ਉਸ ਸਥਾਨ ਦੀ ਇੱਕ ਝਲਕ ਜ਼ਰੂਰ ਲੈਣੀ ਚਾਹੁੰਦਾ ਹੈ, ਜਿੱਥੇ ਗੁਰੂ ਸਾਹਿਬ ਨੇ ਆਪਣੇ ਅਖ਼ਰੀਲੇ ਵਰ੍ਹੇ ਬਿਤਾਏ ਸਨ।

ਜ਼ਿਕਰ ਏ ਖਾਸ ਹੈ ਕਿ ਭਾਰਤ -ਪਾਕਿਸਤਾਨ ਸਰਹੱਦ ਪਾਰ ਕਰ ਕੇ ਸਿਰਫ਼ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਪਿੰਡ ਕਰਤਾਰਪੁਰ ਸਾਹਿਬ ਤੇ ਉੱਥੋਂ ਦਾ ਗੁਰੂ ਘਰ ਦਰਬਾਰ ਸਾਹਿਬ ਹੈ।

-PTC News