Sun, Dec 14, 2025
Whatsapp

ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਦੇਣ 'ਚ ਨਾਕਾਮ, ਕਿਸਾਨ ਹੋਏ ਤੱਤੇ

Reported by:  PTC News Desk  Edited by:  Baljit Singh -- June 24th 2021 10:40 AM
ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਦੇਣ 'ਚ ਨਾਕਾਮ, ਕਿਸਾਨ ਹੋਏ ਤੱਤੇ

ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਦੇਣ 'ਚ ਨਾਕਾਮ, ਕਿਸਾਨ ਹੋਏ ਤੱਤੇ

ਪਟਿਆਲਾ : ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਕਰਨ ’ਚ ਨਾਕਾਮ ਰਿਹਾ ਹੈ। ਸ਼ੁਰੂਆਤ ’ਚ ਹੀ ਬਿਜਲੀ ਨਹੀਂ ਮਿਲੀ, ਫਿਰ ਝੱਖੜਾਂ ਨੇ ਸਾਰਾ ਢਾਂਚਾ ਢਹਿ-ਢੇਰੀ ਕੀਤਾ, ਜਿਸ ਦੀ ਬਹਾਲੀ ’ਚ ਕਈ ਦਿਨ ਲੱਗ ਗਏ। ਹੁਣ ਵੀ ਕਿਸਾਨਾਂ ਨੂੰ ਸਿਰਫ 6 ਘੰਟੇ ਦੇ ਕਰੀਬ ਬਿਜਲੀ ਦਿੱਤੀ ਜਾ ਰਹੀ ਹੈ। ਵਧੇ ਤਾਪਮਾਨ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ ਦੁਪਹਿਰ 2 ਵਜੇ 13082 ਮੈਗਾਵਾਟ ’ਤੇ ਪਹੁੰਚ ਗਈ। ਆਲਮ ਇਹ ਹੈ ਕਿ ਕਿਸਾਨਾਂ ਨੂੰ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਨਾਲ ਮਿਲਣ ਕਾਰਨ ਕਿਸਾਨ ਪਾਵਰਕਾਮ ਖ਼ਿਲਾਫ਼ ਲੋਹੇ-ਲਾਖੇ ਹਨ। ਰਹਿੰਦੀ-ਖੂਹੰਦੀ ਕਸਰ ਮਾਨਸੂਨ ਦੀ ਆਮਦ ’ਚ ਦੇਰੀ ਨਾਲ ਅਤੇ ਮੀਂਹ ਨਾ ਪੈਣ ਕਾਰਨ ਹੋ ਰਹੀ ਹੈ। ਪੜੋ ਹੋਰ ਖਬਰਾਂ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋਂ ਨਵੇਂ ਰੇਟ ਕਿਸਾਨਾਂ ਨੂੰ ਝੋਨੇ ਲਈ ਪਾਣੀ ਪੂਰਾ ਕਰਨ ’ਚ ਕਾਫ਼ੀ ਦਿੱਕਤ ਆ ਰਹੀ ਹੈ। ਇੱਧਰ ਪਾਵਰਕਾਮ ਵੱਲੋਂ ਕਿਸੇ ਵੀ ਤਰ੍ਹਾਂ ਦੇ ਕੱਟਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪਾਵਰਕਾਮ ਵੱਲੋਂ ਸਰਕਾਰੀ ਥਰਮਲਾਂ, ਨਿੱਜੀ ਥਰਮਲਾਂ ਸਮੇਤ ਹੋਰ ਸ੍ਰੋਤਾਂ ਤੋਂ ਵੀ ਬਿਜਲੀ ਖਰੀਦੀ ਜਾ ਰਹੀ ਹੈ। ਪਾਵਰਕਾਮ ਨੂੰ ਆਪਣੇ ਰੋਪੜ ਥਰਮਲ ਪਲਾਂਟ ਤੋਂ 500 ਮੈਗਾਵਾਟ ਦੇ ਕਰੀਬ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ, ਲਹਿਰਾ ਮੁਹੱਬਤ ਥਰਮਲ ਪਲਾਂਟ ਤੋਂ 754 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਵਰਕਾਮ ਵੱਲੋਂ ਆਪਣੇ ਹਾਈਡ੍ਰਿੱਲ ਪ੍ਰਾਜੈਕਟਾਂ ਤੋਂ 783 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਨਿੱਜੀ ਥਰਮਲ ਪਲਾਂਟ ਰਾਜਪੁਰਾ ਤੋਂ ਪਾਵਰਕਾਮ ਸਭ ਤੋਂ ਵੱਧ 1319 ਮੈਗਾਵਾਟ ਬਿਜਲੀ ਹਾਸਲ ਕਰ ਰਿਹਾ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਤੋਂ 1236 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਪੜੋ ਹੋਰ ਖਬਰਾਂ: ਸ਼ਿਕਾਇਤ ਹੋਈ ਤਾਂ 24 ਘੰਟਿਆਂ ਵਿਚ ਬੰਦ ਕਰਨਾ ਹੋਵੇਗਾ ਫਰਜ਼ੀ ਅਕਾਊਂਟ, ਸੋਸ਼ਲ ਮੀਡੀਆ ਕੰਪਨੀਆਂ ਲਈ ਨਵਾਂ ਨਿਯਮ ਇਸ ਪਲਾਂਟ ਦਾ ਇਕ 660 ਮੈਗਾਵਾਟ ਦਾ ਯੂਨਿਟ ਮਾਰਚ ਤੋਂ ਬੰਦ ਹੋਣ ਕਾਰਨ ਪਾਵਰਕਾਮ ਨੂੰ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਤੋਂ 504 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਪਾਵਰਕਾਮ ਵੱਲੋਂ 6 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਦੀ ਖ਼ਰੀਦ ਕੀਤੀ ਜਾ ਰਹੀ ਹੈ। ਇੱਧਰ ਕਿਸਾਨਾਂ ਲਈ ਝੋਨੇ ਦੀ ਸਪਲਾਈ ਪਿਛਲੇ ਦਿਨਾਂ ਤੋਂ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਅੰਦਰ ਕਾਫ਼ੀ ਥਾਵਾਂ ’ਤੇ ਕਿਸਾਨਾਂ ਵੱਲੋਂ ਧਰਨੇ ਲਾ ਕੇ ਟਿਊਬਵੈੱਲਾਂ ਲਈ ਮਿਲਣ ਵਾਲੀ ਨਾਸਕ ਬਿਜਲੀ ਸਪਲਾਈ ਨੂੰ ਲੈ ਕੇ ਧਰਨੇ ਲਗਾਏ ਗਏ। ਕਿਸਾਨ ਕੁਲਵਿੰਦਰ ਸਿੰਘ, ਗੁਰਦੇਵ ਸਿੰਘ ਅਤੇ ਹੈਪੀ ਸਿੰਘ ਨੇ ਦੱਸਿਆ ਕਿ ਮਸਾਂ 5-6 ਘੰਟੇ ਬਿਜਲੀ ਸਪਲਾਈ ਆ ਰਹੀ ਹੈ ਅਤੇ 2-3 ਘੰਟਿਆਂ ਦੇ ਕੱਟ ਮਾਰੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨਾ ਪੈਣ ਕਾਰਨ ਅਤੇ ਜ਼ਿਆਦਾ ਗਰਮੀ ਹੋਣ ਕਾਰਨ ਝੋਨੇ ਨੂੰ ਪਾਣੀ ਲਈ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ ਰਹੀਆਂ ਚੋਣਾਂ ਨੂੰ ਲੈ ਕੇ ਕਾਟੋ-ਕਲੇਸ਼ ’ਚ ਉਲਝੇ ਪਏ ਹਨ, ਜਦਕਿ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਸਰਕਾਰ ਦਾ ਇਸ ਵਾਰ ਝੋਨੇ ਲਈ ਪਹਿਲ ਦੇ ਅਧਾਰ ’ਤੇ ਬਿਜਲੀ ਸਪਲਾਈ ਵੱਲ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਕਿਸਾਨਾਂ ’ਚ ਰੋਸ ਹੈ। ਪੜੋ ਹੋਰ ਖਬਰਾਂ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਫਿਰ 50 ਹਜ਼ਾਰ ਤੋਂ ਵਧੇਰੇ ਮਾਮਲੇ, 1321 ਲੋਕਾਂ ਦੀ ਗਈ ਜਾਨ ਜੱਥੇਬੰਦੀਆਂ ਦੀ ਚਿਤਾਵਨੀ, ਸਪਲਾਈ ਪੂਰੀ ਨਾ ਮਿਲੀ ਤਾਂ ਲੱਗਣਗੇ ਧਰਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਦਾ ਕਹਿਣਾ ਹੈ ਕਿ ਖੇਤਾਂ ਲਈ ਸਿਰਫ਼ 6 ਜਾਂ ਸਾਢੇ 6 ਘੰਟੇ ਹੀ ਬਿਜਲੀ ਆ ਰਹੀ ਹੈ ਅਤੇ ਉਸ ’ਚ ਕੱਟ ਲੱਗ ਰਹੇ ਹਨ। ਉਨ੍ਹਾਂ ਦੱਸਿਆ ਕਿ ਘਰਾਂ ਨੂੰ ਮਿਲਣ ਵਾਲੀ ਬਿਜਲੀ ਦੇ ਵੀ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਸਪਲਾਈ ਦਰੁੱਸਤ ਨਾ ਹੋਈ ਤਾ ਪ੍ਰਦਰਸ਼ਨ ਹੋਵੇਗਾ। ਇੱਧਰ ਜ਼ਿਲ੍ਹਾ ਸੰਗਰੂਰ ਦੇ ਆਗੂ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ 25 ਜੂਨ ਨੂੰ ਸੰਗਰੂਰ ਐੱਸ. ਈ. ਦਫ਼ਤਰ ਅੱਗੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਿਊਬਵੈੱਲਾਂ ਵਾਲੀ ਬਿਜਲੀ ਸਪਲਾਈ ’ਚ ਕੱਟ ਲਾ ਕੇ ਕਟੌਤੀ ਕੀਤੀ ਜਾ ਰਹੀ ਹੈ, ਜਦੋਂ ਦਫ਼ਤਰ ਪੁੱਛਦੇ ਹਾਂ ਤਾਂ ਪਾਵਰ ਕੱਟਾਂ ਦਾ ਹਵਾਲਾ ਦਿੱਤਾ ਜਾਂਦਾ ਹੈ। -PTC News


Top News view more...

Latest News view more...

PTC NETWORK
PTC NETWORK