ਪੰਜਾਬ

ਪੰਜਾਬ 'ਚ 29 ਅਗਸਤ ਨੂੰ ਹੋਣ ਜਾ ਰਹੇ 'ਖੇਡ ਮੇਲੇ' ਦੀਆਂ ਤਿਆਰੀਆਂ ਜ਼ੋਰਾਂ 'ਤੇ, 5 ਲੱਖ ਦੇ ਕਰੀਬ ਖਿਡਾਰੀ ਲੈਣਗੇ ਹਿੱਸਾ

By Riya Bawa -- August 17, 2022 5:46 pm -- Updated:August 17, 2022 6:00 pm

ਰੋਪੜ: ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਖੇਡ ਮੇਲਾ 2022 "ਖੇਡਾਂ ਵਤਨ ਪੰਜਾਬ ਦੀਆਂ" ਕਰਵਾਇਆ ਜਾ ਰਿਹਾ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਖੇਡ ਮੇਲੇ ਬਾਬਤ, ਰੋਪੜ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਕਿਹਾ ਕਿ ਪਹਿਲੀ ਵਾਰ ਹੈ ਕਿ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਕਿਸੇ ਖੇਡ ਮੇਲੇ ਤਹਿਤ 28 ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਦੇਸ਼ ਦੀ ਅਜ਼ਾਦੀ ਤੋਂ ਬਾਅਦ 75 ਸਾਲ ਵਿਚ ਪਹਿਲੀ ਵਾਰ ਅਜਿਹਾ ਮੇਲਾ ਹੋਣ ਜਾ ਰਿਹਾ ਹੈ ਤੇ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੇਲੇ ਲਈ 30 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਤੇ 6 ਕਰੋੜ ਇਨਾਮਾਂ ਲਈ ਰੱਖੇ ਗਏ ਹਨ।

Gurmeet-Singh-Meet-Hayer-reviews-arrangements-5

ਪਹਿਲਾ ਸਾਲ ਹੈ 56 ਫ਼ੀਸਦ ਖੇਡਾਂ ਦਾ ਬਜਟ ਵਧਾਇਆ ਗਿਆ ਹੈ ਤੇ ਇਸ ਵਾਰ ਕੁੱਲ 223 ਕਰੋੜ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੇਲਿਆਂ ਨਾਲ ਪੰਜਾਬ ਵਿੱਚ ਇੱਕ ਨਵੀਂ ਊਰਜਾ ਭਰੀ ਜਾਵੇਗੀ ਜਿਸ ਨਾਲ ਅਸਲ ਤੰਦਰੁਸਤ ਪੰਜਾਬ ਦਾ ਸਿਰਜਿਆ ਜਾਵੇਗਾ। ਉਹਨਾਂ ਕਿਹਾ ਕਿ ਖਿਡਾਰੀਆਂ ਨੂੰ ਜ਼ਮੀਨੀ ਪੱਧਰ ਤੋਂ ਕੌਮਾਂਤਰੀ ਪੱਧਰ ਤੱਕ ਲੈ ਕੇ ਜਾਣ ਸਬੰਧੀ ਉਪਰਾਲਿਆਂ ਤਹਿਤ ਵੀ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ। ਜਿਹੜਾ ਖਿਡਾਰੀ ਇਕ ਵਾਰ ਸਟੇਟ ਅਤੇ ਨੈਸ਼ਨਲ ਪੱਧਰ ਉੱਤੇ ਆ ਗਿਆ, ਉਸ ਨੂੰ ਸੰਭਾਲਣ ਤੇ ਅੱਗੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿਚ ਮੈਦਾਨ ਤਿਆਰ ਕੀਤੇ ਜਾਣਗੇ ਤੇ ਰੂਪਨਗਰ ਵਿਖੇ ਐਸਟ੍ਰੋਟਰਫ ਲਾਈ ਜਾਵੇਗੀ ਤੇ ਰੋਇੰਗ ਲਈ ਵਿਸ਼ੇਸ਼ ਕਿਸ਼ਤੀਆਂ ਦਿੱਤੀਆਂ ਜਾਣਗੀਆਂ।

Gurmeet-Singh-Meet-Hayer-reviews-arrangements-4

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਵੀਂ ਖੇਡ ਨੀਤੀ ਲੈ ਕੇ ਆ ਰਹੀ ਹੈ ਤਾਂ ਜੋ ਖਿਡਾਰੀਆਂ ਨੂੰ ਨੌਕਰੀਆਂ ਤੇ ਚੰਗੇ ਮਾਣ ਸਨਮਾਨ ਮਿਲਣ ਸਕਣ। ਖੇਡ ਮੰਤਰੀ ਨੇ ਦੱਸਿਆ ਕਿ ਇਸ ਖੇਡ ਮੇਲੇ ਤਹਿਤ ਬਲਾਕ, ਜ਼ਿਲ੍ਹਾ ਤੇ ਸੂਬਾ ਪੱਧਰ ਉੱਤੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਪੱਧਰ ਉੱਤੇ ਇਹ ਮੇਲਾ 29 ਅਗਸਤ 2022 ਤੋਂ ਲੈ ਕੇ 04 ਸਤੰਬਰ 2022 ਤੱਕ , ਜ਼ਿਲ੍ਹਾ ਪੱਧਰ ਉੱਤੇ 09 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਅਤੇ ਰਾਜ ਪੱਧਰ ਉੱਤੇ 11 ਅਕਤੂਬਰ ਤੋਂ ਲੈ ਕੇ 30 ਅਕਤੂਬਰ 2022 ਤੱਕ ਹੋਵੇਗਾ। ਇਸ ਮੇਲੇ ਲਈ ਖਿਡਾਰੀ ਆਨਲਾਈਨ ਤੇ ਆਫ਼ਲਾਈਨ ਦੋਵੇਂ ਤਰੀਕੇ ਨਾਲ ਰਜਿਸਟ੍ਰੇਸ਼ਨ ਕਰ ਸਕਦੇ ਹਨ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਉਮਰ ਵਰਗ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਹੋਵੇਗਾ। ਖੇਡ ਮੇਲੇ ਵਿੱਚ ਪੈਰਾ ਸਪੋਰਟਸ ਵਾਲੇ ਖਿਡਾਰੀ ਲਈ ਵੀ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਰਾਜ ਪੱਧਰ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ 10 ਹਜ਼ਾਰ ਰੁਪਏ, 7 ਹਜ਼ਾਰ ਰੁਪਏ ਤੇ 5 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਮਿਲਣਗੇ। ਕੁੱਲ 6 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਖੇਡ ਮੰਤਰੀ ਨੇ ਦੱਸਿਆ ਕਿ ਸਾਰੇ ਜੇਤੂ ਖਿਡਾਰੀ ਸੂਬੇ ਦੀ ਗਰੇਡਸ਼ਨ ਨੀਤੀ ਵਿੱਚ ਕਵਰ ਹੋਣਗੇ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਦੌਰਾਨ ਜੇਤੂਆਂ ਤੋਂ ਇਲਾਵਾ ਹੋਰਨਾਂ ਖਿਡਾਰੀਆਂ ਵਿੱਚੋਂ ਵੀ ਡੋਪ ਟੈਸਟ ਕੀਤੇ ਜਾਣਗੇ।

Gurmeet-Singh-Meet-Hayer-reviews-arrangements-3

ਇਹ ਵੀ ਪੜ੍ਹੋ : ਰਣਜੀਤ ਸਾਗਰ ਡੈਮ ਦੇ ਅੱਜ ਖੋਲ੍ਹੇ ਜਾਣਗੇ ਫਲੱਡ ਗੇਟ, ਲੋਕਾਂ ਨੂੰ ਹਦਾਇਤਾਂ ਜਾਰੀ

ਆਫਲਾਈਨ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਖੇਡ ਦਫ਼ਤਰ ਵਿਖੇ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। www.punjabkhedmela2022.in 'ਤੇ ਆਨਲਾਈਨ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਆਨਲਾਈਨ ਰਜਿਟ੍ਰੇਸ਼ਨ 25 ਅਗਸਤ ਤੱਕ ਖੁੱਲ੍ਹੀ ਹੈ। ਇਸ ਮੇਲੇ ਤਹਿਤ ਖੇਡਾਂ ਵੱਖ-ਵੱਖ ਕੈਟਾਗਰੀਆਂ ਤਹਿਤ ਕਰਵਾਈਆਂ ਜਾਣਗੀਆਂ। ਜਿਹਨਾਂ ਵਿੱਚ ਅੰਡਰ -14, ਅੰਡਰ -17 , ਅੰਡਰ-21, 21 ਤੋਂ 30, 31 ਤੋਂ ਲੈ ਕੇ 40 ਸਾਲ, 50ਸਾਲ ਤੋਂ ਵੱਧ ਤੱਕ ਓਪਨ ਗਰੁੱਪ ਓਪਨ ਗਰੁੱਪ ਖਿਡਾਰੀਸ਼ਾਮਲ ਹਨ। ਉਧਰ ਜ਼ਿਲ੍ਹੇ ਦੇ ਡੀ ਸੀ ਨੇ ਵੀ ਦੱਸਿਆ ਕਿ ਉਨ੍ਹਾਂ ਵੱਲੋ ਖੇਡ ਮੇਲੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵੱਧ ਤੋਂ ਵੱਧ ਖਿਡਾਰੀ ਇਸ ਨਾਲ ਜੋੜਨ ਦੇ ਲਈ ਯੂਥ ਕਲੱਬਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।

-PTC News

  • Share