ਦੇਸ਼- ਵਿਦੇਸ਼

ਸ਼ਿੰਜੋ ਆਬੇ ਦੇ ਸਸਕਾਰ ਲਈ ਪ੍ਰਧਾਨ ਮੰਤਰੀ ਮੋਦੀ ਜਾਣਗੇ ਜਾਪਾਨ

By Jasmeet Singh -- August 24, 2022 8:28 pm

ਨਵੀਂ ਦਿੱਲੀ, 24 ਅਗਸਤ: ਜਾਪਾਨ ਦੇ ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਟੋਕੀਓ ਵਿੱਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸਸਕਾਰ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ।

ਦੱਸਣਯੋਗ ਹੈ ਪੀਐਮ ਮੋਦੀ ਦੇ ਆਬੇ ਨਾਲ ਕਰੀਬੀ ਸਬੰਧ ਸਨ। ਜਾਪਾਨੀ ਮੀਡੀਆ ਨੇ ਦੱਸਿਆ ਕਿ ਦੌਰੇ ਦੌਰਾਨ ਉਹ ਮੌਜੂਦਾ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵੇਂ ਦੇਸ਼ ਟੋਕੀਓ ਵਿੱਚ 8 ਸਤੰਬਰ ਨੂੰ ਆਪਣੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਸ਼ਮੂਲੀਅਤ ਵਾਲੀ “ਟੂ-ਪਲੱਸ-ਟੂ” ਸੁਰੱਖਿਆ ਵਾਰਤਾ ਦੇ ਦੂਜੇ ਦੌਰ ਦੀ ਵੀ ਯੋਜਨਾ ਬਣਾ ਰਹੇ ਹਨ।

ਯੋਜਨਾਬੱਧ ਮੰਤਰੀ ਪੱਧਰੀ ਸੁਰੱਖਿਆ ਵਾਰਤਾ ਵਿੱਚ ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਅਤੇ ਰੱਖਿਆ ਮੰਤਰੀ ਯਾਸੁਕਾਜ਼ੂ ਹਮਾਦਾ ਆਪਣੇ ਭਾਰਤੀ ਹਮਰੁਤਬਾ ਸੁਬਰਾਮਨੀਅਮ ਜੈਸ਼ੰਕਰ ਅਤੇ ਰਾਜਨਾਥ ਸਿੰਘ ਨਾਲ ਰਾਬਤਾ ਕਾਇਮ ਕਰਨਗੇ। ਪ੍ਰਧਾਨ ਮੰਤਰੀ ਲਈ ਚਾਰ ਮਹੀਨਿਆਂ ਵਿੱਚ ਦੋ ਵਾਰ ਕਿਸੇ ਦੇਸ਼ ਦਾ ਦੌਰਾ ਕਰਨਾ ਬੇਮਿਸਾਲ ਹੈ। ਪੀਐਮ ਮੋਦੀ ਕੁਆਡ ਗਰੁੱਪਿੰਗ ਲਈ ਆਖਰੀ ਵਾਰ ਮਈ ਵਿੱਚ ਜਾਪਾਨ ਗਏ ਸਨ।

ਆਬੇ ਨੇ ਜਾਪਾਨ 'ਚ ਬਾਕੀਆਂ ਨਾਲੋਂ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਿਆ। 10 ਜੁਲਾਈ ਨੂੰ ਹਾਊਸ ਆਫ ਕੌਂਸਲਰ ਚੋਣਾਂ ਤੋਂ ਪਹਿਲਾਂ ਜਾਪਾਨ ਵਿੱਚ ਭਾਸ਼ਣ ਦਿੰਦੇ ਹੋਏ ਪਿਛਲੇ ਮਹੀਨੇ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਿਆ ਸੀ।


-PTC News

  • Share