ਹੋਰ ਖਬਰਾਂ

ਪਟਵਾਰੀਆਂ ਤੇ ਕਾਨੂੰਗੋ ਦੀਆਂ ਪੋਸਟਾ ਨੂੰ ਰੱਦ ਕਰਨ ਨੂੰ ਲੈ ਸੂਬੇ ਭਰ 'ਚ ਰੋਸ਼ ਪ੍ਰਦਰਸ਼ਨ

By Jasmeet Singh -- September 09, 2022 4:27 pm

ਚੰਡੀਗੜ੍ਹ, 9 ਸਤੰਬਰ: ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਅਤੇ ਕਾਨੂੰਗੋ ਦੀਆਂ ਪੋਸਟਾ ਨੂੰ ਰੱਦ ਕਰਨ ਦੇ ਵਿਰੋਧ ਵਿੱਚ 'ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ' ਅਤੇ 'ਕਾਨੂੰਗੋ ਐਸੋਸੀਏਸ਼ਨ ਪੰਜਾਬ' ਵੱਲੋਂ ਅੱਜ ਪੰਜਾਬ ਭਰ ਵਿਚ ਸਰਕਾਰ ਖਿਲਾਫ਼ ਧਰਨੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤਹਿਤ ਬਠਿੰਡਾ ਵਿਖੇ ਦੀ 'ਰੈਵੀਨਿਊ ਪਟਵਾਰ ਯੂਨੀਅਨ' ਅਤੇ 'ਕਾਨੂੰਗੋ ਐਸੋਸੀਏਸ਼ਨ' ਵੱਲੋਂ 11 ਵਜੇ ਤੋਂ 2 ਵਜੇ ਤੱਕ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਦਰਮਿਆਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 4716 ਵਿਚੋਂ 1056 ਪੋਸਟਾਂ ਨੂੰ ਰੱਦ ਕਰ ਦਿੱਤਾ ਜਿਸ ਨਾਲ ਹੁਣ ਸਿਰਫ਼ 3660 ਪੋਸਟਾਂ ਰਹਿ ਗਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਪੋਸਟਾਂ ਨੂੰ ਰੱਦ ਕਰਕੇ ਸਰਕਾਰ ਨੇ ਬੇਰੁਜ਼ਗਾਰਾਂ ਦੇ ਰੋਜ਼ਗਾਰ ਦੇ ਮੌਕਿਆਂ ਨੂੰ ਵੀ ਖ਼ਤਮ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਸਟਾਂ ਦੀਆਂ ਬਹਾਲੀ ਲਈ 15 ਸਤੰਬਰ ਨੂੰ ਸੰਗਰੂਰ ਜ਼ਿਲ੍ਹੇ 'ਚ ਰੋਸ਼ ਰੈਲੀ ਵੀ ਕੀਤੀ ਜਾਵੇਗੀ ਅਤੇ ਜੇਕਰ ਸਰਕਾਰ ਨੇ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਲਈ ਸਰਕਾਰ ਦੀ ਹਰੀ ਕਲਮ ਚਲੀ ਪਰ ਉਸ ਵਿੱਚੋਂ ਸਿਆਹੀ ਲਾਲ ਨਿਕਲੀ।ਨੌਕਰੀਆਂ ਵਿੱਚ ਕਟੌਤੀ ਪੰਜਾਬ ਦੇ ਨੌਜਵਾਨਾਂ ਨਾਲ ਬੇਇਨਸਾਫ਼ੀ ਹੈ। ਜਦੋਂ ਤੱਕ ਸਰਕਾਰ ਨਹੀਂ ਸੁਣਦੀ, ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ: 'ਆਪ' ਵਿਧਾਇਕ ਦੇ ਘਰ 14 ਘੰਟੇ ਚੱਲੀ ਛਾਪੇਮਾਰੀ, 32 ਲੱਖ ਹੋਏ ਬਰਾਮਦ


-PTC News

  • Share