ਪੀਏਯੂ ਨੇ ਮਨਾਇਆ 'ਸਵੱਛਤਾ ਪਖਵਾੜਾ'
ਪੀਏਯੂ ਨੇ ਮਨਾਇਆ 'ਸਵੱਛਤਾ ਪਖਵਾੜਾ' PU celebrates swachta pakhwara in the campus to promote cleanliness ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਲੋਕਾਂ ਵਿੱਚ ਸਫ਼ਾਈ ਸੰਬੰਧੀ ਚੇਤਨਾ ਪੈਦਾ ਕਰਨ ਲਈ ਇੱਕ ਲੇਖ-ਰਚਨਾ ਮੁਕਾਬਲਾ ਕਰਵਾਇਆ ਗਿਆ । 'ਸਵੱਛਤਾ ਪਖਵਾੜਾ' ਅਧੀਨ ਚਲਾਈ ਗਈ ਸਫ਼ਾਈ ਮੁਹਿੰਮ ਪੀਏਯੂ ਦੇ ਵੱਖੋ-ਵੱਖਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ ਅਤੇ ਸਿਹਤ ਲਈ ਸਫ਼ਾਈ ਦੇ ਵਿਸ਼ੇ ਉਪਰ ਆਪਣੇ ਨਿਵੇਕਲੇ ਵਿਚਾਰਾਂ ਨਾਲ ਕਲਮ ਅਜ਼ਮਾਈ ਕੀਤੀ । ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਰਵਿੰਦਰ ਕੌਰ ਧਾਲੀਵਾਲ ਦੀ ਰਹਿਨੁਮਾਈ ਵਿੱਚ ਚਲਾਏ ਗਏ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਪ੍ਰੋਗਰਾਮ ਨੂੰ ਜੁਆਲੋਜੀ ਦੇ ਸਹਿਯੋਗੀ ਪ੍ਰੋਫੈਸਰ ਡਾ. ਦਵਿੰਦਰ ਕੋਚਰ ਅਤੇ ਭਲਾਈ ਅਫ਼ਸਰ ਸ੍ਰੀਮਤੀ ਪ੍ਰਭਜੀਤ ਕੌਰ ਗਿੱਲ ਅਤੇ ਸਤਵੀਰ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਚਲਾਇਆ ਗਿਆ । ਇਸੇ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਵੱਲੋਂ ਵੀ ਦੋ ਹਫ਼ਤਿਆਂ ਦਾ 'ਸਵੱਛਤਾ ਪਖਵਾੜਾ' ਮਨਾਇਆ ਗਿਆ । ਕਾਲਜ ਵੱਲੋਂ ਬਣਾਏ ਗਏ ਸਵੱਛਤਾ ਕਲੱਬ ਨੇ ਇਸ ਸਮੁੱਚੇ ਪ੍ਰੋਗਰਾਮ ਦੀਆਂ ਵੱਖੋ-ਵੱਖਰੀਆਂ ਗਤੀਵਿਧੀਆਂ ਚਲਾਈਆਂ । ਲੇਖ-ਰਚਨਾ, ਨਾਅਰੇ ਲਿਖਣਾ ਅਤੇ ਪੋਸਟਰ ਤਿਆਰ ਕਰਨ ਵਰਗੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ । ਹਰਿਆ-ਭਰਿਆ ਕਾਲਜ ਕੈਂਪਸ ਦਿਵਸ ਵੀ ਇਸ ਸਮੁੱਚੇ ਪ੍ਰੋਗਰਾਮ ਦਾ ਹਿੱਸਾ ਰਿਹਾ । PU celebrates swachta pakhwara in the campus to promote cleanliness ਇਸ ਪ੍ਰੋਗਰਾਮ ਦੀ ਸਮਾਪਤੀ ਵਾਲੇ ਦਿਨ ਡਾ. ਸ੍ਰੀਮਤੀ ਜਤਿੰਦਰ ਕੌਰ ਗੁਲਾਟੀ ਜੋ ਗ੍ਰਹਿ ਵਿਗਿਆਨ ਕਾਲਜ ਦੇ ਡੀਨ ਹਨ ਨੇ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡੇ । ਉਹਨਾਂ ਵਿਦਿਆਰਥੀਆਂ ਦੀ ਸਿਫ਼ਤ ਕਰਦਿਆਂ ਉਹਨਾਂ ਨੂੰ ਪੀਏਯੂ ਕੈਂਪਸ ਨੂੰ ਸਾਫ਼ ਅਤੇ ਹਰਾ ਬਨਾਉਣ ਲਈ ਪ੍ਰੇਰਿਆ। ਸ੍ਰੀਮਤੀ ਸਤਵੀਰ ਕੌਰ ਨੇ ਸਾਫ਼ ਅਤੇ ਹਰੇ ਵਾਤਾਵਰਨ ਉਪਰ ਲੈਕਚਰ ਦਿੱਤਾ । ਉਹਨਾਂ ਕਿਹਾ ਕਿ ਆਪਣਾ ਆਲਾ-ਦੁਆਲਾ ਸਾਫ਼ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਅਤੇ ਸਰੀਰ ਨੂੰ ਸਾਫ਼ ਰੱਖੀਏ । —PTC News