ਮੁੱਖ ਮੰਤਰੀ ਵੱਲੋਂ 24 ਘੰਟੇ ਨਜ਼ਰ ਰੱਖੇ ਜਾਣ ਤੋਂ ਬਾਅਦ ਪ੍ਰਭਾਵਿਤ ਪਿੰਡਾਂ ਵਿੱਚ ਹਾਲਾਤ ਆਮ ਵਰਗੇ ਬਣਨ ਲੱਗੇ

By Jashan A - September 02, 2019 9:09 am

ਮੁੱਖ ਮੰਤਰੀ ਵੱਲੋਂ 24 ਘੰਟੇ ਨਜ਼ਰ ਰੱਖੇ ਜਾਣ ਤੋਂ ਬਾਅਦ ਪ੍ਰਭਾਵਿਤ ਪਿੰਡਾਂ ਵਿੱਚ ਹਾਲਾਤ ਆਮ ਵਰਗੇ ਬਣਨ ਲੱਗੇ

ਵੱਖ-ਵੱਖ ਵਿਭਾਗਾਂ ਦੇ ਕਰੀਬ 25 ਹਜ਼ਾਰ ਕਾਮੇ ਜ਼ਮੀਨੀ ਪੱਧਰ ’ਤੇ ਕਰ ਰਹੇ ਹਨ ਰਾਹਤ ਮੁੜ ਵਸੇਬਾ ਤੇ ਮੁਰੰਮਤ ਦਾ ਕੰਮ

ਬਿਜਲੀ ਸਪਲਾਈ ਪੂਰੀ ਤਰਾਂ ਬਹਾਲ, ਨਦੀਆਂ ਦੇ ਕਿਨਾਰਿਆਂ ’ਤੇ ਪਾੜਾਂ ਨੂੰ ਪੂਰ ਕੇ ਰਿਪੇਅਰ ਦਾ ਕੰਮ ਮੁਕੰਮਲ

ਪ੍ਰਭਾਵਿਤ ਖੇਤਰਾਂ ਵਿੱਚ ਫੌਗਿੰਗ, ਟੀਕਾਕਰਨ ਅਤੇ ਸੰਭਾਵੀ ਬਿਮਾਰੀਆਂ ਤੋਂ ਬਚਾਉਣ ਲਈ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

ਚੰਡੀਗੜ: ਪੰਜਾਬ ਵਿੱਚ ਮੀਹਾਂ ਮਗਰੋਂ ਹੜਾਂ ਵਰਗੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਖੇਤਰਾਂ ਵਿੱਚ ਰਾਹਤ, ਮੁੜ ਵਸੇਬਾ ਅਤੇ ਬੁਨਿਆਦੀ ਢਾਂਚੇ ਨੂੰ ਮੁੜ ਲੀਹਾਂ ’ਤੇ ਖੜਾ ਕਰਨ ਦਾ ਕੰਮ ਤਕਰੀਬਨ ਮੁਕੰਮਲ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜਾਂ ਦੇ ਹਾਲਾਤ ਪੈਦਾ ਹੋਣ ਤੋਂ ਬਾਅਦ ਸਮੂਹ ਵਿਭਾਗਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਅਤੇ ਫੌਰੀ ਤੌਰ ’ਤੇ ਰਾਹਤ ਦੇ ਕੰਮ ਸ਼ੁਰੂ ਕਰ ਦਿੱਤੇ ਗਏ।

ਮੁੱਖ ਮੰਤਰੀ ਵੱਲੋਂ 24 ਘੰਟੇ ਰਾਹਤ ਕਾਰਜਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਭਾਗਾਂ ਲਈ ਹੜ ਪ੍ਰਭਾਵਿਤ ਖੇਤਰਾਂ ਵਿੱਚ ਮੁੜ ਵਸੇਬਾ ਤੇ ਰਾਹਤ ਦੇ ਕੰਮ ਨੇਪਰੇ ਚਾੜਨ ਲਈ ਸਮਾਂ-ਸੀਮਾ ਮਿੱਥੀ ਸੀ ਅਤੇ ਮੁੱਖ ਮੰਤਰੀ ਨਿੱਜੀ ਪੱਧਰ ’ਤੇ ਇਨਾਂ ਸਮੂਹ ਰਾਹਤ ਕਾਰਜਾਂ ’ਤੇ ਨਜ਼ਰ ਰੱਖ ਰਹੇ ਹਨ।

ਉਨਾਂ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਸਪਲਾਈ ਮੁਕੰਮਲ ਬਹਾਲ ਕਰ ਦਿੱਤੀ ਗਈ ਹੈ ਜਦਕਿ ਟੁੱਟ ਗਈਆਂ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜ਼ਮੀਨੀ ਪੱਧਰ ’ਤੇ ਜਾ ਕੇ ਹੜਾਂ ਕਾਰਨ ਹੋਏ ਕੁੱਲ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਨਾਲ ਹੀ ਵਸਨੀਕਾਂ ਨੂੰ ਸੰਭਾਵੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ ਅਤੇ ਟੀਕਾਕਰਨ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।

ਉਨਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ 25 ਹਜ਼ਾਰ ਦੇ ਕਰੀਬ ਕਾਮੇ ਰਾਹਤ ਕਾਰਜਾਂ ਨੂੰ ਨੇਪਰੇ ਚਾੜ ਰਹੇ ਹਨ। ਨਦੀਆਂ ਵਿੱਚ ਵੱਖ-ਵੱਖ ਥਾਵਾਂ ’ਤੇ ਪਏ ਪਾੜਾਂ ਨੂੰ ਮੁਕੰਮਲ ਤੌਰ ’ਤੇ ਪੂਰ ਦਿੱਤਾ ਗਿਆ ਹੈ। ਹਜ਼ਾਰਾਂ ਦੇ ਕਰੀਬ ਕਾਮੇ ਪ੍ਰਭਾਵਿਤ ਖੇਤਰਾਂ ਵਿੱਚ ਬਿਮਾਰੀ ਦੇ ਕੀਟਾਣੂਆਂ ਨੂੰ ਮਾਰਨ ਲਈ ਫੌਗਿੰਗ ਕਰ ਰਹੇ ਹਨ। ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ ਹਨ ਅਤੇ ਪਾਣੀ ਵਿੱਚ ਕਲੋਰੀਨ ਮਿਲਾ ਕੇ ਕੀਟਾਣੂ ਮੁਕਤ ਕੀਤਾ ਗਿਆ ਹੈ।

ਹੋਰ ਪੜ੍ਹੋ:ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਕੈ. ਅਮਰਿੰਦਰ ਦੀ ਸੌਗਾਤ, ਲੋਡ ਵਧਾਉਣ ਚਾਰਜ ‘ਚ 50% ਕਟੌਤੀ ਕਰਨ ਦੇ ਦਿੱਤੇ ਹੁਕਮ

ਉਨਾਂ ਦੱਸਿਆ ਕਿ ਮਲੇਰੀਆ ਤੇ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਟੈਸਟ ਕੀਤੇ ਜਾ ਰਹੇ ਹਨ ਅਤੇ ਸੈਨੀਟਰੀ ਨੈਪਕਿਨ ਤੇ ਮੱਛਰਦਾਨੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਬੁਲਾਰੇ ਨੇ ਅੱਗੇ ਦੱਸਿਆ ਕਿ ਹੜਾਂ ਕਾਰਨ ਜਾਨ-ਮਾਲ ਦੇ ਹੋਏ ਕੁੱਲ ਨੁਕਸਾਨ ਦਾ ਜਾਇਜ਼ਾ ਲਾ ਲਿਆ ਗਿਆ ਹੈ। ਲੋਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸਦੇ ਨਾਲ ਹੀ ਕਿਸਾਨਾਂ ਨੂੰ ਮੁਫ਼ਤ ਬੀਜ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਉਨਾਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਹੜਾਂ ਕਾਰਨ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ।ਸਾਫ ਤੇ ਪੀਣਯੋਗ ਪਾਣੀ ਦੀ ਸਪਲਾਈ ਸੁਚਾਰੂ ਹੋਣ ਤੱਕ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਾਫ ਤੇ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਪਿੰਡਾਂ ਵਿੱਚ ਟੈਂਕਰਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਕਿਸੇ ਮਹਾਂਮਾਰੀ ਨੂੰ ਰੋਕਣ ਲਈ ਵਾਟਰ ਟੈਸਟਿੰਗ ਟੀਮਾਂ ਪਿੰਡਾਂ ਵਿੱਚ ਜਾ ਰਹੀਆਂ ਹਨ।

ਪਾਣੀ ਤੋਂ ਇਲਵਾ ਲੋਕਾਂ ਨੂੰ ਰਾਹਤ ਦੇਣ ਲਈ ਸੁੱਕਾ ਰਾਸ਼ਨ, ਚੀਨੀ, ਚਾਵਲ, ਆਟਾ, ਘੀ ਤੇ ਮਿਲਕ ਪਾਊਡਰ ਵੀ ਪਹੁੰਚਾਇਆ ਜਾ ਰਿਹਾ ਹੈ। ਲੋਕਾਂ ਨੂੰ ਭੋਜਨ ਦੇ ਪੈਕਟ ਤੇ ਪਰਾਂਠੇ ਵੰਡਣ ਲਈ ਭਾਰਤੀ ਫੌਜ ਦੇ 7 ਹੈਲੀਕਾਪਟਰ ਤੇ ਭਾਰਤੀ ਹਵਾਈ ਸੈਨਾ ਦੇ 2 ਐਮ-17 ਚੌਪਰਾਂ ਨੂੰ ਇਸ ਕੰਮ ਵਿੱਚ ਲਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪਾਵਰਕਾਮ ਦੇ ਬਹਾਦਰ ਕਰਮਚਾਰੀਆਂ ਨੇ ਹਰ ਕਿਸਮ ਦੇ ਜ਼ੋਖਮ ਦਾ ਸਾਹਮਣਾ ਕਰਦਿਆਂ ਕਿਸ਼ਤੀਆਂ ਦੀ ਵਰਤੋਂ ਕਰਕੇ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਟਰਾਂਸਫਾਰਮਰਜ਼ ਵਾਲੇ ਖੰਭਿਆਂ ਨੂੰ ਸਿੱਧਾ ਕੀਤਾ ਅਤੇ ਜਲੰਧਰ ਦੇ 21 ਹੜ ਪ੍ਰਭਾਵਿਤ ਪਿੰਡਾਂ ਅਤੇ ਹੜਾਂ ਦੀ ਲਪੇਟ ’ਚ ਆਏ ਸੁਲਤਾਨਪੁਰ ਲੋਧੀ ਦੇ 87 ਪਿੰਡਾਂ ਵਿੱਚ ਬਿਜਲੀ ਮੁੜ ਤੋਂ ਬਹਾਲ ਕਰਵਾਈ।

ਮਹਿਰਾਜਵਾਲਾ ਦਾ 66 ਕੇਵੀ ਬਿਜਲੀ ਸਬ-ਸਟੇਸ਼ਨ ਜੋ ਪਾਣੀ ਵਿੱਚ ਡੁੱਬ ਗਿਆ ਸੀ, ਵੀ ਬਹੁਤ ਘੱਟ ਸਮੇਂ ਵਿੱਚ ਕਾਰਜਸ਼ੀਲ ਕਰ ਦਿੱਤਾ ਗਿਆ ਹੈ।ਬੁਲਾਰੇ ਨੇ ਦੱਸਿਆ ਸੂਬੇ ਭਰ ਵਿੱਚ ਵੱਖ ਵੱਖ ਥਾਵਾਂ ’ਤੇ ਭਾਰੀ ਖੋਰਾ, ਸੜਕਾਂ , ਕੰਢਿਆਂ, ਪੁਲਾਂ ਤੇ ਪੁਲੀਆਂ ਦੇ ਟੁੱਟਣ ਦੀਆਂ ਖ਼ਬਰਾਂ ਹਨ, ਉਥੇ ਮੁਰੰਮਤ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਜਲੰਧਰ, ਫਿਰੋਜ਼ਪੁਰ ਤੇ ਲੁਧਿਆਣਾ ਵਿੱਚ ਪਏ ਲਗਭਗ ਸਾਰੇ ਪਾੜਾਂ ਨੂੰ ਪੂਰਿਆ ਜਾ ਚੁੱਕਾ ਹੈ।

ਸਤਲੁਜ ਵਿੱਚ ਪਏ 18 ਵੱਖ ਵੱਖ ਪਾੜਾਂ ਨੂੰ ਭਰਨ ਅਤੇ ਰਾਹਤ ਕਾਰਜਾਂ ਲਈ ਨੈਸ਼ਨਲ ਡਿਜ਼ਾਸਟਰ ਰਿਲੀਫ ਫੋਰਸ (ਐਨ.ਡੀ.ਆਰ.ਐਫ) ਦੀ 6 ਟੀਮਾਂ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ(ਐਸ.ਡੀ.ਆਰ.ਐਫ) ਭਾਰਤੀ ਫੌਜ ਦੀਆਂ 6 ਟੁਕੜੀਆਂ ਲਗਾਈਆਂ ਗਈਆਂ ਹਨ। ਇਸ ਅਪ੍ਰੇਸ਼ਨ ਵਿੱਚ ਸਥਾਨਕ ਲੋਕਾਂ ਦੀ ਭੂਮਿਕਾ ਸ਼ਲਾਘਾਯੋਗ ਰਹੀ।

ਹੋਰ ਪੜ੍ਹੋ: ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਫਿਰੋਜ਼ਪੁਰ 'ਚ ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

ਹੜ ਦੀ ਲਪੇਟ ਵਿੱਚ ਆਏ ਪਿੰਡਾਂ ’ਚੋ ਪਾਣੀ ਕੱਢਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਜਦਕਿ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਵਿੱਚ 20 ਪਿੰਡਾਂ ਜਿਨਾਂ ਦਾ ਸੜਕੀ ਸੰਪਰਕ ਪੂਰੀ ਤਰਾਂ ਟੁੱਟ ਗਿਆ ਸੀ, ਵਿੱਚੋਂ 14 ਪਿੰਡਾਂ ਵਿੱਚ ਸੰਪਰਕ ਬਹਾਲ ਕਰ ਦਿੱਤਾ ਗਿਆ ਹੈ। ਛੇ ਪਿੰਡ ਮੰਡ ਇੰਦਰਪੁਰ, ਮੰਡ ਅੰਦਰੀਸਾ, ਸ਼ਾਹਵਾਲਾ, ਅੰਦਰੀਸਾ, ਕੁਤਬਵਾਲ, ਸ਼ਾਹਵਾਲਾ ਨੱਕੀ ਅਤੇ ਰਾਮਗੜ ਡਲੇਲੀ ਦਾ ਸੰਪਰਕ ਅਜੇ ਵੀ ਟੁੱਟਿਆ ਹੋਇਆ ਹੈ ਕਿਉਂ ਕਿ ਪੰਜਾਬ ਮੰਡੀ ਬੋਰਡ ਦੀ ਪਿੰਡ ਦੇਰਾਵਾਲ (ਜਲੰਧਰ)-ਮੰਡ ਇੰਦਰਪੁਰ-ਪਿੰਡ ਮਾਨੂ (ਫਿਰੋਜ਼ਪੁਰ) ਸੜਕ ’ਤੇ ਤਿੰਨ ਥਾਵਾਂ (ਇਕ 900 ਫੁੱਟ ਲੰਬਾ ਅਤੇ ਦੋ 200 ਫੁੱਟ ਲੰਮੇ) ’ਤੇ ਪਾੜ ਪਏ ਹੋਏ ਹਨ।

ਕੈਪਟਨ ਅਮਰਿੰਦਰ ਸਿੰਘ ਮੰਡੀ ਬੋਰਡ ਨੂੰ ਸੰਪਰਕ ਸੜਕ ਨੂੰ ਮੁੜ ਬਹਾਲ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ। ਲੋਕ ਨਿਰਮਾਣ ਵਿਭਾਗ ਵੱਲੋਂ ਪੁਲਾਂ, ਸੜਕਾਂ ਅਤੇ ਸਰਕਾਰੀ ਜਾਇਦਾਦਾਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਵਿਸਥਾਰਤ ਜਾਇਜ਼ਾ ਲਿਆ ਜਾ ਰਿਹਾ ਹੈ।ਮੁੱਖ ਮੰਤਰੀ ਨੇ ਪੀੜਤ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਮੈਡੀਕਲ ਸਹਾਇਤਾਂ ਦੇ ਕਾਰਜਾਂ ’ਤੇ ਨਿਗਾ ਰੱਖੀ ਹੋਈ ਹੈ।

ਹੋਰ ਪੜ੍ਹੋ:14 ਸਾਲ ਬਾਅਦ ਮੁੜ ਪਰਦੇ 'ਤੇ ਨਜ਼ਰ ਆਵੇਗਾ ‘ਸ਼ਕਤੀਮਾਨ’, ਤਸਵੀਰ ਵਾਇਰਲ

ਇਨਾਂ ਪੀੜਤਾਂ ਨੂੰ ਰਾਹਤ ਕੈਂਪਾਂ, ਮੈਡੀਕਲ ਕੈਂਪਾਂ ਅਤੇ ਇੱਥੋਂ ਤੱਕ ਕਿ ਘਰ-ਘਰ ਜਾ ਕੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਮੋਬਾਇਲ ਮੈਡੀਕਲ ਯੂਨਿਟ ਪਿੰਡ-ਪਿੰਡ ਜਾ ਕੇ ਸਿਹਤ ਸੇਵਾਵਾਂ ਦੇ ਰਹੇ ਹਨ। ਓ.ਪੀ.ਡੀ. ਵਿੱਚ 21,208 ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਹੜ ਪ੍ਰਭਾਵਿਤ ਪਿੰਡਾਂ ਵਿੱਚ ਐਂਟੀ ਲਾਰਵਾ ਟੀਮਾਂ ਕੰਮ ਕਰ ਰਹੀਆਂ ਹਨ। ਲੋਕਾਂ ਨੂੰ ਮਲੇਰੀਆ, ਡੇਂਗੂ, ਡਾਇਰੀਆ ਟਾਈਫਾਈਡ ਅਤੇ ਚਮੜੀ ਰੋਗਾਂ ਬਾਰੇ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਟੀਮਾਂ ਪਿੰਡ-ਪਿੰਡ ਜਾ ਰਹੀਆਂ ਹਨ ਕਿਉਂਕਿ ਇਨਾਂ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਪ੍ਰਭਾਵਿਤ ਪਸ਼ੂਆਂ ਦੇ ਇਲਾਜ ਅਤੇ ਟੀਕਾਕਰਨ ਲਈ ਵੀ ਵੱਡੀ ਗਿਣਤੀ ਵਿੱਚ ਵੈਟਰਨਰੀ ਟੀਮਾਂ ਡਿਊਟੀ ਨਿਭਾਅ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਪਸ਼ੂਆਂ ਲਈ ਫੀਡ ਤੇ ਚਾਰੇ ਦਾ ਵੀ ਬੰਦੋਬਸਤ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਸਾਫ-ਸਫਾਈ ਦਾ ਕੰਮ ਵੀ ਵੱਡੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਹੈ। ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਛਿੜਕਾਅ ਕਰਨ ਵਾਲੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਜਦਕਿ ਸੈਨਟਰੀ ਵਰਕਰਾਂ ਅਤੇ ਮਨਰੇਗਾ ਕਾਮਿਆਂ ਨੂੰ ਪਿੰਡਾਂ ਦੀ ਸਫਾਈ ਦੀ ਕਾਰਜ ਸੌਂਪਿਆ ਗਿਆ ਹੈ। ਸੇਮ ਨਾਲਿਆਂ ਵਿੱਚ ਸਪਰੇਅ ਕੀਤੀ ਜਾ ਰਹੀ ਹੈ ਤਾਂ ਕਿ ਬਦਬੂ ਅਤੇ ਸਬੰਧਤ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

-PTC News

adv-img
adv-img