
ਕਿਸਾਨਾਂ ਦੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ ਪੰਜਾਬ ਦੀ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀ.ਸੀ.ਐਮ.ਐਸ ਐਸੋਸੀਏਸ਼ਨ ਵੱਲੋਂ ਹਮਾਇਤ ਕਰਦਿਆਂ 8 ਦਸੰਬਰ ਨੂੰ ਪੰਜਾਬ ਪੱਧਰ ਤੇ ਸਰਕਾਰੀ ਹਸਪਤਾਲਾਂ ਵਿੱਚ ਉਨ੍ਹਾਂ ਦੀ ਹਮਾਇਤ ਤੇ ਗੇਟ ਰੈਲੀਆਂ ਕਰਨ ਦਾ ਫੈਸਲਾ ਕੀਤਾ ਹੈ। ਇਹ ਐਲਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਕੀਤਾ। ਜਥੇਬੰਦੀ ਆਗੂਆਂ ਡਾ. ਗਗਨਦੀਪ ਸ਼ੇਰਗਿੱਲ (ਸੀਨੀਅਰ ਮੀਤ ਪ੍ਰਧਾਨ), ਡਾ.ਮਨੋਹਰ ਸਿੰਘ (ਜਨਰਲ ਸਕੱਤਰ), ਡਾ. ਰਣਜੀਤ ਸਿੰਘ ਰਾਏ (ਮੀਤ ਪ੍ਰਧਾਨ), ਡਾ.ਇੰਦਰਵੀਰ ਗਿੱਲ (ਜਥੇਬੰਦਕ ਸਕੱਤਰ) ਨੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਦਾ ਪੁਰ-ਜੋਰ ਵਿਰੋਧ ਕਰਦਿਆਂ ਸਰਕਾਰ ਨੂੰ ਇਹ ਬਿੱਲ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਤੇ ਕਿਹਾ ਕਿ ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਜਥੇਬੰਦੀ ਕਿਸਾਨ ਅੰਦੋਲਨ ਦੀ ਲਗਾਤਾਰ ਹਮਾਇਤ ਕਰਦੀ ਰਹੇਗੀ।
ਇਸ ਸਮੇਂ ਜਥੇਬੰਦੀ ਦੇ ਹੋਰ ਆਗੂਆਂ ਗੁਰਮੇਲ ਸਿੰਘ ਬਠਿੰਡਾ, ਡਾ. ਮਦਨ ਮੋਹਨ ਅਮ੍ਰਿਤਸਰ, ਡਾ. ਸੈਰਿਨ ਧੀਮਾਨ ਪਠਾਨਕੋਟ, ਡਾ. ਹਰਪ੍ਰੀਤ ਸਿੰਘ ਸੇਖੋ ਲੁਧਿਆਣਾ,ਡਾ. ਜਤਿੰਦਰ ਕੌਛੜ, ਡਾ. ਕਮਲਜੀਤ ਬਾਜਵਾ, ਡਾ. ਜਸਵੀਰ ਸਿੰਘ ਔਲਖ ਸਲਾਹਕਾਰ ਪੰਜਾਬ ਨੇ ਕਿਹਾ ਕਿ ਇਹ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਸਮੁੱਚੇ ਸਮਾਜ ਦੇ ਹਰ ਨਾਗਰਿਕ ਦਾ ਬਣ ਗਿਆ ਹੈ। ਸਰਕਾਰ ਦਾ ਇਹ ਫੈਸਲਾ ਬਿਨਾਂ ਕਿਸੇ ਸਲਾਹ ਤੇ ਤੇਜੀ ਨਾਲ ਲਿਆ ਗਿਆ ਹੈ ਅਤੇ ਦੇਸ਼ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਗਰੀਬੀ ਦੀ ਦਲਦਲ ਵਲ ਧੱਕੇਗਾ ਤੇ ਮੁੱਠੀ ਭਰ ਅਮੀਰ ਲੋਕਾਂ ਨੂੰ ਇਸ ਦਾ ਫਾਇਦਾ ਦੇਵੇਗਾ।
ਵਰਣਨਯੋਗ ਹੈ ਕਿ ਪੀ.ਸੀ.ਐਮ.ਐਸ ਐਸੋਸੀਏਸ਼ਨ ਕਿਸਾਨਾਂ ਦੇ ਸੰਘਰਸ਼ ਦੀ ਸੁਰੂਆਤ ਤੋਂ ਹੀ ਹਮਾਇਤ ਕਰਦੀ ਆ ਰਹੀ ਹੈ ਅਤੇ ਲਗਾਤਾਰ ਕਰਦੀ ਰਹੇਗੀ। ਜਥੇਬੰਦੀ ਧਰਨਾਕਾਰੀ ਕਿਸਾਨਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਡਾਕਟਰਾਂ ਦੀ ਟੀਮਾਂ ਵੀ ਭੇਜਣਾ ਸ਼ੁਰੂ ਕਰ ਚੁੱਕੀ ਹੈ।