ਮੁੱਖ ਖਬਰਾਂ

ਮਨਪ੍ਰੀਤ ਬਾਦਲ ਆਪਣੀਆਂ ਨਾਕਾਮੀਆਂ ਲੁਕੋਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ: ਸ਼੍ਰੋਮਣੀ ਅਕਾਲੀ ਦਲ

By Jashan A -- August 26, 2019 7:08 am -- Updated:Feb 15, 2021

ਮਨਪ੍ਰੀਤ ਬਾਦਲ ਆਪਣੀਆਂ ਨਾਕਾਮੀਆਂ ਲੁਕੋਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ: ਸ਼੍ਰੋਮਣੀ ਅਕਾਲੀ ਦਲ

ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਪਹਿਲਾਂ ਨੁਕਸਾਨ ਦਾ ਜਾਇਜਾ ਕੇਂਦਰ ਨੂੰ ਭੇਜਣਾ ਚਾਹੀਦਾ ਹੈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੁਆਵਜ਼ਾ ਮੰਗਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੂੰ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਕੇਂਦਰ ਸਰਕਾਰ ਕੋਲ ਭੇਜਣਾ ਚਾਹੀਦਾ ਹੈ ਨਾ ਕਿ ਆਪਣੀਆਂ ਨਾਕਾਮੀਆਂ ਲੁਕੋਣ ਲਈ ਸਿਆਸਤ ਕਰਨੀ ਚਾਹੀਦੀ ਹੈ ਅਤੇ ਸਾਰਾ ਦੋਸ਼ ਕੇਂਦਰ ਸਰਕਾਰ ਸਿਰ ਮੜ੍ਹਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਹ ਕਹਿ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਆਫ਼ਤ ਪ੍ਰਬੰਧਨ ਤਹਿਤ ਫੰਡ ਜਾਰੀ ਕਰਨ ਲਈ ਪ੍ਰਵਾਨਗੀ ਨਹੀਂ ਦਿੱਤੀ ਹੈ।

ਉਹਨਾਂ ਕਿਹਾ ਕਿ ਜਦਕਿ ਅਸਲੀਅਤ ਇਹ ਹੈ ਕਿ ਕਾਂਗਰਸੀ ਮੰਤਰੀ ਨੇ ਗਿਰਦਾਵਰੀ ਰਾਹੀਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜਾ ਲੈ ਕੇ ਮੁਆਵਜ਼ਾ ਲੈਣ ਵਾਸਤੇ ਕੇਸ ਹੀ ਕੇਂਦਰ ਸਰਕਾਰ ਕੋਲ ਨਹੀਂ ਭੇਜਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੀ ਇਸ ਵੱਡੀ ਲਾਪਰਵਾਹੀ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੜ੍ਹ-ਪ੍ਰਭਾਵਿਤ ਸੂਬਿਆਂ ਦੀ ਸੂਚੀ ਵਿਚ ਪਾ ਦਿੱਤਾ ਹੈ।

ਹੋਰ ਪੜ੍ਹੋ: ਕਾਂਗਰਸ ਪੰਜਾਬ ਦੇ ਭਖਦੇ ਮੁੱਦਿਆਂ ਉੱਤੇ ਚਰਚਾ ਕਰਨ ਤੋਂ ਨਾ ਭੱਜੇ: ਅਕਾਲੀ ਦਲ

ਉਹਨਾਂ ਕਿਹਾ ਕਿ ਮੈਂ ਵਿੱਤ ਮੰਤਰੀ ਨੂੰ ਮਸ਼ਵਰਾ ਦੇਣਾ ਚਾਹਾਂਗਾ ਕਿ ਉਹ ਇਸ ਤਰ੍ਹਾਂ ਦੇ ਗੈਰਸੰਜੀਦਾ ਬਿਆਨ ਜਾਰੀ ਨਾ ਕਰੇ ਕਿ ਸੜਕਾਂ ਟੁੱਟ ਗਈਆਂ ਹੋਣੀਆਂ, ਬੁਨਿਆਦੀ ਢਾਂਚਾ ਤਬਾਹ ਹੋ ਗਿਆ ਹੋਣਾ ਹੈ। ਇਸ ਦੀ ਥਾਂ ਉਹ ਹੋਏ ਨੁਕਸਾਨ ਦਾ ਜਾਇਜਾ ਲਵੇ ਤਾਂ ਕਿ ਸੂਬੇ ਨੂੰ ਆਫ਼ਤ ਪ੍ਰਬੰਧਨ ਤਹਿਤ ਫੰਡ ਮਿਲ ਸਕਣ। ਉਹਨਾਂ ਕਿਹਾ ਕਿ ਮਨਪ੍ਰੀਤ ਸਵੀਕਾਰ ਕਰ ਰਿਹਾ ਹੈ ਕਿ ਆਫ਼ਤ ਪ੍ਰਬੰਧਨ ਤਹਿਤ ਲੋੜੀਂਦੇ ਫੰਡ ਮੌਜੂਦ ਹਨ, ਇਸ ਲਈ ਉਹ ਲੋਕਾਂ ਨੂੰ ਜੁਆਬਦੇਹ ਹੈ ਕਿ ਹੁਣ ਤਕ ਕੇਂਦਰ ਕੋਲ ਪੰਜਾਬ ਦਾ ਕੇਸ ਕਿਉਂ ਨਹੀ ਭੇਜਿਆ ਗਿਆ ਹੈ?

ਅਕਾਲੀ ਆਗੂ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਹੜ੍ਹਾਂ ਦੀ ਸਮੱਸਿਆ ਬਾਰੇ ਵਿੱਤ ਮੰਤਰੀ ਦੀ ਹੁਣ ਅੱਖ ਖੁੱਲ੍ਹੀ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਕੱਲ੍ਹ ਮਨਪ੍ਰੀਤ ਨੇ ਹੜ੍ਹ ਪੀੜਤ ਲੋਕਾਂ ਦੀਆਂ ਤਕਲੀਫਾਂ ਬਾਰੇ ਆਪਣੀ ਲਾਪਰਵਾਹੀ ਦਾ ਮੁਜ਼ਾਹਰਾ ਕੀਤਾ ਸੀ, ਹੁਣ ਇਹ ਉਸ ਉੱਤੇ ਪਰਦਾ ਪਾਉਣ ਨਾਕਾਮ ਕੋਸ਼ਿਸ਼ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਸਰਕਾਰ ਨੇ ਅਜੇ ਕੱਲ੍ਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਆਪਣੇ ਚਾਰ ਮੰਤਰੀਆਂ ਨੂੰ ਤਾਇਨਾਤ ਕੀਤਾ ਹੈ, ਜਦਕਿ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋ ਪਿਛਲੇ ਇੱਕ ਹਫਤੇ ਤੋਂ ਹੜ੍ਹ ਪੀੜਤਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਕਾਂਗਰਸ ਸਰਕਾਰ ਕਿਧਰੇ ਨਜ਼ਰ ਨਹੀਂ ਆਈ ਸੀ।ਇਹ ਕਹਿੰਦਿਆਂ ਕਿ ਵਿੱਤ ਮੰਤਰੀ ਨੂੰ ਆਪਣੀ ਅਤੇ ਆਪਣੀ ਸਰਕਾਰ ਦੀ ਨਾਲਾਇਕੀ ਦਾ ਦੋਸ਼ ਕੇਂਦਰ ਸਰਕਾਰ ਸਿਰ ਨਹੀਂ ਮੜ੍ਹਣਾ ਚਾਹੀਦਾ, ਡਾਕਟਰ ਚੀਮਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਸੰਕਟ ਦੀ ਘੜੀ ਵਿਚ ਮੱਦਦ ਲਈ ਨਾ ਬਹੁੜਣ ਵਾਸਤੇ ਹੜ੍ਹ ਪੀੜਤਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹੁਣ ਵੀ ਉਸ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਬਿਓਰਾ ਜਲਦੀ ਤੋਂ ਜਲਦੀ ਕੇਂਦਰ ਕੋਲ ਭੇਜਣ ਲਈ ਤਿਆਰੀ ਖਿੱਚਣੀ ਚਾਹੀਦੀ ਹੈ ਤਾਂ ਕਿ ਆਫ਼ਤ ਪ੍ਰਬੰਧਨ ਤਹਿਤ ਸੂਬੇ ਨੂੰ ਲੋੜੀਂਦਾ ਮੁਆਵਜ਼ਾ ਹੋ ਸਕੇ।

-PTC News