ਕੋਰੋਨਾ ਦੀ ਮਾਰ ਹੇਠ ਪੰਜਾਬ, ਕੁੱਲ ਗਿਣਤੀ ਪਹੁੰਚੀ 1127

By Panesar Harinder - May 03, 2020 4:05 pm

ਅੰਮ੍ਰਿਤਸਰ - ਦੁਨੀਆ ਭਰ ਦੇ ਮੁਲਕਾਂ ਲਈ ਮੁਸੀਬਤ ਬਣੀ ਕੋਰੋਨਾ ਮਹਾਮਾਰੀ ਦੀ ਮਾਰ ਹੇਠ ਆਏ ਪੰਜਾਬ 'ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਐਤਵਾਰ ਨੂੰ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ 'ਚ ਕੋਰੋਨਾ ਦੇ 26 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਾਜ਼ਾ ਮਾਮਲਿਆਂ ਤੋਂ ਬਾਅਦ ਹੁਣ ਤਰਨ ਤਾਰਨ 'ਚ ਕੁੱਲ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 41 ਹੋ ਗਈ ਹੈ। ਇਸ ਤੋਂ ਪਹਿਲਾਂ ਇੱਥੇ 15 ਕੋਰੋਨਾ ਪਾਜ਼ਿਟਿਵ ਮਰੀਜ਼ ਮਿਲੇ ਸੀ।

ਉੱਧਰ ਜਲੰਧਰ ਜ਼ਿਲ੍ਹੇ 'ਚ ਵੀ ਕੋਰੋਨਾ ਦੇ 4 ਨਵੇਂ ਪਾਜ਼ਿਟਿਵ ਮਰੀਜ਼ ਮਿਲਣ ਨਾਲ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 124 ਹੋ ਗਈ ਹੈ।

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਅਲੀਕੇ ਦੇ ਪਾਜ਼ੀਟਿਵ ਪਾਏ ਗਏ 40 ਸਾਲਾ ਮਰੀਜ਼ ਦੀ ਮੌਤ ਹੋ ਜਾਣ ਬਾਰੇ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ, ਜਿਸ ਨੂੰ 29 ਅਪ੍ਰੈਲ ਨੂੰ ਫਿਰੋਜ਼ਪੁਰ ਤੋਂ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿਸ ਦੀ ਅੱਜ ਅਚਾਨਕ ਮੌਤ ਹੋ ਗਈ।

ਜਾਂਚ ਦੀਆਂ ਟੈਸਟ ਰਿਪੋਰਟਾਂ ਵਿੱਚ ਅਸ਼ੋਕ ਕੁਮਾਰ ਕੋਰੋਨਾ ਪਾਜ਼ੀਟਿਵ ਆਇਆ ਸੀ। ਇਸ ਦੀ ਪੁਸ਼ਟੀ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਵਲੋਂ ਕੀਤੀ ਗਈ ਹੈ। ਫ਼ਿਰੋਜ਼ਪੁਰ ਦੇ ਪਿੰਡ ਅਲੀਕੇ ਨੂੰ ਸਿਹਤ ਵਿਭਾਗ ਤੇ ਪੁਲਿਸ ਵਲੋਂ ਸੀਲ ਕਰ ਦਿੱਤਾ ਗਿਆ ਹੈ। ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀ ਇਹ 21ਵੀਂ ਮੌਤ ਹੈ।

ਪਿਛਲੇ 4-5 ਦਿਨ ਤੋਂ ਪੰਜਾਬ ਅੰਦਰ ਸਾਹਮਣੇ ਆ ਰਹੇ ਜ਼ਿਆਦਾਤਰ ਮਰੀਜ਼ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ ਦੇ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਿਕ ਅੰਮ੍ਰਿਤਸਰ 'ਚ 208, ਲੁਧਿਆਣਾ 'ਚ 122, ਜਲੰਧਰ 'ਚ 124, ਮੋਹਾਲੀ 'ਚ 94, ਪਟਿਆਲਾ 'ਚ 90, ਹੁਸ਼ਿਆਰਪੁਰ 'ਚ 84, ਤਰਨ ਤਾਰਨ 'ਚ 41, ਪਠਾਨਕੋਟ 'ਚ 25, ਮਾਨਸਾ 'ਚ 16, ਕਪੂਰਥਲਾ 15, ਫ਼ਰੀਦਕੋਟ 'ਚ 6, ਸੰਗਰੂਰ 'ਚ 11, ਨਵਾਂਸ਼ਹਿਰ 'ਚ 85, ਰੂਪਨਗਰ 'ਚ 15, ਫ਼ਿਰੋਜ਼ਪੁਰ 'ਚ 27, ਬਠਿੰਡਾ 'ਚ 35, ਗੁਰਦਾਸਪੁਰ 'ਚ 29, ਫ਼ਤਿਹਗੜ੍ਹ ਸਾਹਿਬ 'ਚ 16, ਬਰਨਾਲਾ ਵਿਖੇ 4, ਫਾਜ਼ਿਲਕਾ 'ਚ 4, ਮੋਗਾ 'ਚ 27 ਅਤੇ ਸ੍ਰੀ ਮੁਕਤਸਰ ਸਾਹਿਬ 'ਚ 49 ਕੇਸ ਪਾਏ ਜਾਣ ਦਾ ਵੇਰਵਾ ਮਿਲਦਾ ਹੈ।

ਪੰਜਾਬ ਕੋਰੋਨਾ ਵਾਇਰਸ ਨਾਲ ਲੰਮੇ ਸਮੇਂ ਤੋਂ ਜੂਝ ਰਿਹਾ ਹੈ ਅਤੇ ਇਸ ਵੇਲੇ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1127 ਤੱਕ ਪਹੁੰਚ ਗਈ ਹੈ। ਲਗਾਤਾਰ ਵੱਖੋ-ਵੱਖ ਇਲਾਕਿਆਂ ਤੋਂ ਕੋਰੋਨਾ ਦੀ ਮਾਰ ਦੇ ਚੌਂਕਾ ਦੇਣ ਵਾਲੇ ਅੰਕੜਿਆਂ ਦਾ ਸਾਹਮਣੇ ਆਉਣਾ ਇਸ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਪੰਜਾਬ ਲਈ ਕੋਰੋਨਾ ਵਿਰੁੱਧ ਜੰਗ 'ਚ ਬਹੁਤ ਸੰਘਰਸ਼ ਬਾਕੀ ਹੈ ਅਤੇ ਇਸ ਵਾਸਤੇ ਹੁਣ ਤੋਂ ਠੋਸ 'ਤੇ ਫੌਰੀ ਫ਼ੈਸਲੇ ਲੈਣੇ ਸਮੇਂ ਦੀ ਮੰਗ ਹੈ, ਨਹੀਂ ਤਾਂ ਇਸ ਦੇ ਨਤੀਜੇ ਸੂਬੇ ਲਈ ਵੱਡੇ ਪੱਧਰ 'ਤੇ ਦੁਖਦਾਈ ਹੋ ਸਕਦੇ ਹਨ।

adv-img
adv-img