ਪੰਜਾਬ 'ਚ ਕੋਰੋਨਾ ਨਾਲ 42ਵੀਂ, ਲੁਧਿਆਣਾ 'ਚ ਰੇਲਵੇ ਸੁਰੱਖਿਆ ਪੁਲਿਸ ਜਵਾਨ ਨੇ ਤੋੜਿਆ ਦਮ

By Shanker Badra - May 28, 2020 4:05 pm

ਪੰਜਾਬ 'ਚ ਕੋਰੋਨਾ ਨਾਲ 42ਵੀਂ, ਲੁਧਿਆਣਾ 'ਚ ਰੇਲਵੇ ਸੁਰੱਖਿਆ ਪੁਲਿਸ ਜਵਾਨ ਨੇ ਤੋੜਿਆ ਦਮ:ਅੰਮ੍ਰਿਤਸਰ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਪੰਜਾਬ ‘ਚ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਕਰਕੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਇੱਕ ਹੋਰ ਮੌਤ ਦੀ ਖਬਰ ਸਾਹਮਣੇ ਆਈ ਹੈ।

ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ,ਜੋ ਹਸਪਤਾਲ 'ਚ ਜੇਰੇ ਇਲਾਜ ਸੀ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ 49 ਸਾਲਾ ਆਰਪੀਐਫ ਜਵਾਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਕੋਰੋਨਾ ਪੀੜਤ ਸੀ ਤੇ ਉਸ ਦਾ ਇਲਾਜ ਲੁਧਿਆਣਾ ਦੇ ਸੀਐਮਸੀ ਹਸਪਤਾਲ 'ਚ ਚੱਲ ਰਿਹਾ ਸੀ।

ਇਸ ਜਵਾਨ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਇਸ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਸੀ, ਜਿਸ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸ਼੍ਰਮਿਕ ਟ੍ਰੇਨਾਂ ਵਿਚ ਸਪੈਸ਼ਲ ਡਿਊਟੀਆਂ 'ਤੇ ਤਾਇਨਾਤ ਕਈ ਆਰਪੀਐਫ ਜਵਾਨਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ, ਇਹ ਜਵਾਨ ਉਨ੍ਹਾਂ ਵਿਚ ਹੀ ਸ਼ਾਮਲ ਸੀ।

ਦੱਸ ਦੇਈਏ ਕਿ ਸੂਬੇ 'ਚ ਹੁਣ ਕੁੱਲ ਮੌਤਾਂ ਦਾ ਅੰਕੜਾ 42 ਹੋ ਗਿਆ ਹੈ ਤੇ ਲੁਧਿਆਣਾ ਜ਼ਿਲ੍ਹੇ 'ਚ ਇਹ ਕੋਰੋਨਾ ਕਾਰਨ 8ਵੀਂ ਮੌਤ ਹੈ। ਹੁਣ ਤੱਕ ਲੁਧਿਆਣਾ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਕੁਲ 181 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਸ ਸਮੇਂ 34 ਮਾਮਲੇ ਐਕਟਿਵ ਹਨ। ਜ਼ਿਕਰਯੋਗ ਹੈ ਕਿ ਅੱਜ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਇਹ ਦੂਸਰੀ ਮੌਤ ਦੀ ਖਬਰ ਆਈ ਹੈ।
-PTCNews

adv-img
adv-img