ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖ਼ਲ ਦੇਣ ਲਈ ਕੀਤੀ ਨਿਖੇਧੀ

SAD

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖ਼ਲ ਦੇਣ ਲਈ ਕੀਤੀ ਨਿਖੇਧੀ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇਣ ਦੇ ਮੰਤਵ ਨਾਲ ਵਿਧਾਨ ਸਭਾ ‘ਚ ਇੱਕ ਮਤਾ ਪੇਸ਼ ਕਰਨ ਅਤੇ ਪਾਸ ਕਰਨ ਲਈ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਨੇ ਭਲੀਭਾਂਤ ਜਾਣਦੇ ਹੋਏ ਕਿ ਇਸ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ, ਅਜਿਹੀ ਕੋਝੀ ਹਰਕਤ ਕੀਤੀ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਔਰਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ ਦੀ ਆਗਿਆ ਦਿੱਤੇ ਜਾਣ ਦੀ ਮੰਗ ਕਰਨ ਵਾਲਾ ਪ੍ਰਸਤਾਵ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖ਼ਲ ਅੰਦਾਜ਼ੀ ਹੈ। ਉਹਨਾਂ ਕਿਹਾ ਕਿ ਇਹ ਇੱਕ ਮਰਿਆਦਾ ਨਾਲ ਜੁੜਿਆ ਮੁੱਦਾ ਹੈ, ਜਿਸ ਬਾਰੇ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਨਿਆਂਇਕ ਤੌਰ ‘ਤੇ ਸਹੀ ਠਹਿਰਾਇਆ ਸੀ।

ਉਹਨਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਔਰਤਾਂ ਨੂੰ ਜੋ ਸਤਿਕਾਰ ਅਤੇ ਸਨਮਾਨ ਦਿੱਤਾ ਗਿਆ ਹੈ, ਉਸ ਦੀ ਇਤਿਹਾਸ ਵਿਚ ਕਿਧਰੇ ਮਿਸਾਲ ਨਹੀਂ ਮਿਲਦੀ ਪਰੰਤੂ ਸ੍ਰੀ ਦਰਬਾਰ ਸਾਹਿਬ ਅੰਦਰ ਜਿਹੜੀ ਮਰਿਆਦਾ ਗੁਰੂ ਸਾਹਿਬਾਨ ਦੇ ਸਮਿਆਂ ਤੋਂ ਚੱਲੀ ਆ ਰਹੀ ਹੈ, ਉਸ ਨਾਲ ਲਿੰਗਕ ਆਧਾਰ ਉੱਤੇ ਛੇੜਛਾੜ ਨਹੀਂ ਕੀਤੀ ਜਾ ਸਕਦੀ। ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਸਿੱਖਾਂ ਵਿਚਕਾਰ ਉਹਨਾਂ ਦੇ ਧਾਰਮਿਕ ਸੰਸਥਾਨਾਂ ਨੂੰ ਲੈ ਕੇ ਲੜਾਈ-ਝਗੜਾ ਕਰਵਾਉਣ ਦੇ ਮੰਤਵ ਨਾਲ ਘਟੀਆ ਰਾਜਨੀਤੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇਹ ਕਾਂਗਰਸ ਪਾਰਟੀ ਦੀ ਪੁਰਾਣੀ ਚਾਲ ਹੈ। ਕਾਂਗਰਸ ਪਾਰਟੀ ਦੇ ਨਾਪਾਕ ਇਰਾਦੇ ਇਸ ਮਤੇ ਵਿਚੋਂ ਵੀ ਸਾਫ ਝਲਕਦੇ ਹਨ, ਜਿਸ ਨੇ ਇਹ ਗੱਲ ਮੰਨਣ ਤੋਂ ਇਨਕਾਰ ਕੀਤਾ ਹੈ ਕਿ ਬਾਕੀ ਭਾਈਚਾਰਿਆਂ ਵਿਚ ਵੀ  ਅਜਿਹੇ ਮਸਲੇ ਮੌਜੂਦ ਸਨ ਅਤੇ ਅਜਿਹੇ ਮਸਲਿਆਂ ਉੱਤੇ ਆਖਰੀ ਫੈਸਲਾ ਲੈਣ ਦਾ ਅਧਿਕਾਰ ਉਹਨਾਂ ਭਾਈਚਾਰਿਆਂ ਉੱਤੇ ਛੱਡ ਦਿੱਤਾ ਗਿਆ ਸੀ।

ਅਕਾਲੀ ਆਗੂ ਨੇ ਕਾਂਗਰਸ ਦੀ ਹਮਾਇਤ ਕਰਨ ਵਾਲੇ ਕੁੱਝ ਧਾਰਮਿਕ ਆਗੂਆਂ ਨੂੰ ਵੀ ਕਿਹਾ ਕਿ ਉਹ ਜੁਆਬ ਦੇਣ ਕਿ ਕੀ ਉਹਨਾਂ ਨੇ ਕਾਂਗਰਸ ਵੱਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਮਤੇ ਦੀ ਹਮਾਇਤ ਕੀਤੀ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ, ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਲਾਗੂ ‘ਰਹਿਤ ਮਰਿਆਦਾ’ ਵਿਚ ਦਖ਼ਲ ਅੰਦਾਜ਼ੀ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਡਟ ਕੇ ਲੜਾਈ ਕਰੇਗਾ।

ਗਰੇਵਾਲ ਨੇ ਕਾਂਗਰਸ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਾਜ਼ਿਸ਼ਾਂ ਘੜਣ ਦੀ ਬਜਾਇ ਪ੍ਰਸਾਸ਼ਨ ਵੱਲ ਧਿਆਨ ਦੇਵੇ। ਉਹਨਾਂ ਕਿਹਾ ਕਿ ਸਰਕਾਰ ਦੀ ਪਰਖ ਇਸ ਦਾ ਕਾਰਗੁਜ਼ਾਰੀ ਤੋਂ ਕੀਤੀ ਜਾਂਦੀ ਹੈ। ਕਾਂਗਰਸ ਸਰਕਾਰ ਦੀ ਹਰ ਪੱਖ ਤੋਂ ਕਾਰਗੁਜ਼ਾਰੀ ਜ਼ੀਰੋ ਹੈ। ਇਸ ਨੇ ਸਮਾਜ ਦੇ ਹਰ ਵਰਗ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ, ਦਲਿਤਾਂ, ਵਪਾਰੀਆਂ, ਉਦਯੋਗਪਤੀਆਂ ਅਤੇ ਇੱਥੋ ਤਕ ਆਮ ਆਦਮੀ ਨੂੰ ਧੋਖਾ ਦਿੱਤਾ ਹੈ। ਇਸ ਤੱਥ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੀ ਇਹ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ।
-PTCNews