ਮੁੱਖ ਖਬਰਾਂ

ਸਿੰਘੂ ਬਾਰਡਰ 'ਤੇ ਨੌਜਵਾਨ ਦੇ ਕਤਲ ਮਾਮਲੇ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਆਇਆ ਸਾਹਮਣੇ

By Shanker Badra -- October 15, 2021 2:10 pm -- Updated:Feb 15, 2021

ਨਵੀਂ ਦਿੱਲੀਂ : ਸਿੰਘੂ ਬਾਰਡਰ 'ਤੇ 35 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਮਾਮਲੇ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਸਾਹਮਣੇ ਆਇਆ ਹੈ। ਇਸ ਹੱਤਿਆ ਦੀ ਨਿੰਦਾ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੀਆਂ ਦੋਵੇਂ ਧਿਰਾਂ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰੀ ਅਤੇ ਸ਼ਾਂਤਮਈ ਢੰਗ ਨਾਲ ਚਲਾਈ ਗਈ ਇਹ ਲਹਿਰ ਕਿਸੇ ਵੀ ਹਿੰਸਾ ਦਾ ਵਿਰੋਧ ਕਰਦੀ ਹੈ।

ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਖਿਲਾਫ਼ ਹਾਂ ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ।

ਦਰਅਸਲ 'ਚ ਸਿੰਘੂ ਸਰਹੱਦ 'ਤੇ 35 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਉਸ ਦੇ ਹੱਥ ਵੱਢ ਕੇ ਲਾਸ਼ ਨੂੰ ਬੈਰੀਕੇਡ ਨਾਲ ਲਟਕਿਆ ਹੋਇਆ ਸੀ। ਇੰਨਾ ਹੀ ਨਹੀਂ ਨੌਜਵਾਨ ਦੀ ਲਾਸ਼ ਨੂੰ 100 ਮੀਟਰ ਤੱਕ ਘਸੀਟਿਆ ਗਿਆ ਹੈ। ਉਸ ਵਿਅਕਤੀ ਦੀ ਲਾਸ਼ ਸਵੇਰੇ ਸਿੰਘੂ ਸਰਹੱਦ 'ਤੇ ਕਿਸਾਨਾਂ ਦੀ ਸਟੇਜ ਕੋਲ ਲਟਕਦੀ ਮਿਲੀ ਹੈ। ਇਹ ਕਤਲ ਦਾ ਇਲਜ਼ਾਮ ਨਿਹੰਗ ਸਿੰਘਾਂ ਉੱਪਰ ਲੱਗ ਰਿਹਾ ਹੈ।


ਸਿੰਘੂ ਬਾਰਡਰ 'ਤੇ ਨੌਜਵਾਨ ਦੇ ਕਤਲ ਮਾਮਲੇ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਆਇਆ ਸਾਹਮਣੇ

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਲਖਬੀਰ ਸਿੰਘ ਦੀ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਲਖਬੀਰ ਸਿੰਘ ਨਸ਼ਾ ਕਰਨ ਦਾ ਜ਼ਰੂਰ ਆਦੀ ਸੀ ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ। ਲਖਬੀਰ ਸਿੰਘ ਦੀ ਧਰਮ ਪਤਨੀ ਅੱਜ ਤੋਂ ਸੱਤ ਸਾਲ ਪਹਿਲਾਂ ਉਸ ਨੂੰ ਛੱਡ ਕੇ ਆਪਣੇ ਬੱਚਿਆਂ ਨਾਲ ਚਲੀ ਗਈ ਸੀ ਅਤੇ ਉਸਦੀ ਦੀਆਂ ਤਿੰਨ ਲੜਕੀਆਂ ਹਨ।


ਸਿੰਘੂ ਬਾਰਡਰ 'ਤੇ ਨੌਜਵਾਨ ਦੇ ਕਤਲ ਮਾਮਲੇ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਆਇਆ ਸਾਹਮਣੇ

ਇਸ ਨੌਜਵਾਨ ਦੇ ਕਤਲ ਦਾ ਇਲਜ਼ਾਮ ਨਿਹੰਗਾਂ 'ਤੇ ਲਾਇਆ ਜਾ ਰਿਹਾ ਹੈ। ਨਿਹੰਗਾਂ 'ਤੇ ਨੌਜਵਾਨ ਦਾ ਕਤਲ ਕਰਨ ਤੇ ਉਸ ਦਾ ਹੱਥ ਵੱਢ ਕੇ ਬੈਰੀਕੇਡ 'ਤੇ ਲਟਕਾਉਣ ਦਾ ਦੋਸ਼ ਹੈ। ਦੂਜੇ ਪਾਸੇ ਨਿਹੰਗਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ, ਇਸ ਲਈ ਸਜ਼ਾ ਦਿੱਤੀ ਗਈ ਹੈ। ਨਿਹੰਗਾਂ ਦਾ ਦੋਸ਼ ਹੈ ਕਿ ਕਿਸੇ ਨੇ ਸਾਜ਼ਿਸ਼ ਦੇ ਤੌਰ 'ਤੇ 30 ਹਜ਼ਾਰ ਰੁਪਏ ਦੇ ਕੇ ਨੌਜਵਾਨ ਨੂੰ ਇੱਥੇ ਭੇਜਿਆ ਸੀ। ਇਸ ਨੌਜਵਾਨ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ।
-PTCNews

  • Share