
ਖੰਨਾ : ਸੁਰਾਂ ਦੇ ਸਿਕੰਦਰ ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਉਸਦੇ ਜੱਦੀ ਪਿੰਡ ਖੇੜੀ ਨੌਧ ਸਿੰਘ , ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖਾਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਰਹੂਮ ਸਰਦੂਲ ਸਿਕੰਦਰ ਦੀ ਖੰਨਾ ‘ਚ ਅੰਤਿਮ ਯਾਤਰਾ ਕੱਢੀ ਗਈ ਤੇ ਅੰਤਿਮ ਵਿਦਾਈ ਵੇਲੇ ਹਰ ਇੱਕ ਦੀ ਅੱਖ ਨਮ ਸੀ। ਇਸ ਮੌਕੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਚਾਹੁਣ ਵਾਲੇ ਮੌਜੂਦ ਹਨ। ਪੰਜਾਬੀ ਗਾਇਕ ਬੱਬੂ ਮਾਨ ਤੇ ਹਰਭਜਨ ਮਾਨ ਸਮੇਤਕਈ ਨਾਮਵਰ ਹਸਤੀਆਂ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਖੰਨਾ ਵਿਖੇ ਸਥਿਤ ਉਨ੍ਹਾਂ ਦੇ ਜੱਦੀ ਘਰ ‘ਚ ਜਾ ਸ਼ਰਧਾਂਜਲੀ ਭੇਂਟ ਕੀਤੀ।
ਪੜ੍ਹੋ ਹੋਰ ਖ਼ਬਰਾਂ : ਮਰਹੂਮ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ‘ਚ ਪਹੁੰਚੇ ਬੱਬੂ ਮਾਨ ਤੇ ਹਰਭਜਨ ਮਾਨ , ਭੇਂਟ ਕੀਤੀ ਸ਼ਰਧਾਂਜਲੀ

ਦੱਸਣਯੋਗ ਹੈ ਕਿ ਸਰਦੂਲ ਸਿਕੰਦਰ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ ਤੇ ਉਨ੍ਹਾਂ ਦੀ ਪਿਛਲੇ ਕਈ ਦਿਨਾਂ ਤੋਂ ਹਾਲਤ ਬੇਹੱਦ ਨਾਜ਼ੁਕ ਸੀ। ਸਰਦੂਲ ਸਿਕੰਦਰ ਦਿਲ, ਗੁਰਦੇ ਤੇ ਸ਼ੂਗਰ ਦੇ ਰੋਗ ਤੋਂ ਇਲਾਵਾ ਕਰੋਨਾ ਤੋਂ ਵੀ ਪੀੜਤ ਸਨ ਤੇ ਪਿਛਲੇ ਡੇਢ ਮਹੀਨੇ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਪੰਜ ਕੁ ਸਾਲ ਪਹਿਲਾਂ ਉਨ੍ਹਾਂ ਦੀ ਕਿਡਨੀ ਵੀ ਬਦਲੀ ਗਈ ਸੀ ਤੇ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ।
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਸਨ। 15 ਜਨਵਰੀ 1961 ਨੂੰ ਪਿੰਡ ਖੇੜੀ ਨੌਧ ਸਿੰਘ ਵਿੱਚ ਉੱਘੇ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਜਨਮੇ ਸਰਦੂਲ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ। ਉਸ ਦੇ ਪੁਰਖੇ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧਤ ਸਨ। ਉਹ ਛੇ ਭੈਣ-ਭਰਾ ਸਨ।
ਪੜ੍ਹੋ ਹੋਰ ਖ਼ਬਰਾਂ : ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ
