ਝੋਨੇ ਦੀ ਲਵਾਈ ਦੀ ਤਰੀਕ ’ਚ ਕੋਈ ਬਦਲਾਅ ਨਹੀਂ ਹੋਵੇਗਾ: ਕੈਪਟਨ ਅਮਰਿੰਦਰ ਸਿੰਘ

ਝੋਨੇ ਦੀ ਲਵਾਈ ਦੀ ਤਰੀਕ ’ਚ ਕੋਈ ਬਦਲਾਅ ਨਹੀਂ ਹੋਵੇਗਾ: ਕੈਪਟਨ ਅਮਰਿੰਦਰ ਸਿੰਘ

ਪਾਣੀ ਬਚਾਉਣ ਅਤੇ ਫਸਲ ਚੱਕਰ ’ਚ ਤਬਦੀਲੀ ਲਿਆਉਣ ਲਈ ਸਰਬ-ਪਾਰਟੀ ਮੀਟਿੰਗ ਛੇਤੀ ਸੱਦੀ ਜਾਵੇਗੀ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਝੋਨੇ ਦੀ ਲਵਾਈ ਦੀ ਤਰੀਕ 20 ਜੂਨ ਤੋਂ ਬਦਲ ਕੇ ਇਕ ਜੂਨ ਕੀਤੇ ਜਾਣ ਨੂੰ ਰੱਦ ਕਰ ਦਿੱਤਾ ਹੈ। ਅੱਜ ਸਦਨ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਦੱਸਿਆ ਕਿ ਇਸ ਸਾਲ ਝੋਨੇ ਦੀ ਲਵਾਈ ਦੀ ਤਰੀਕ 13 ਜੂਨ ਤਜਰਬੇ ਦੇ ਤੌਰ ’ਤੇ ਕੀਤੀ ਗਈ ਸੀ ਅਤੇ ਲਵਾਈ ਦੇ ਨਿਰਧਾਰਤ ਸਮੇਂ ’ਚ ਕੀਤੀ ਤਬਦੀਲੀ ਨੂੰ ਪੱਕੇ ਤੌਰ ’ਤੇ ਮਿੱਥਣ ਦਾ ਕੋਈ ਪ੍ਰਸਤਾਵ ਸਰਕਾਰ ਦੇ ਵਿਚਾਰ-ਅਧੀਨ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਅੰਨੇਵਾਹ ਵਰਤੋਂ ਨੂੰ ਠੱਲ ਪਾਉਣ ਅਤੇ ਪਾਣੀ ਬਚਾਉਣ ਲਈ ਫਸਲ ਚੱਕਰ ਨੂੰ ਬਦਲਣ ਲਈ ਵਿਆਪਕ ਰਣਨੀਤੀ ਉਲੀਕਣ ਲਈ ਛੇਤੀ ਸਰਬ-ਪਾਰਟੀ ਮੀਟਿੰਗ ਸੱਦੀ ਜਾਵੇਗੀ। ਉਨਾਂ ਨੇ ਸੂਬੇ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਪਾਰਟੀਆਂ ਨੂੰ ਸਿਆਸੀ ਮੱਤਭੇਦਾਂ ਤੋਂ ਉਪਰ ਉਠ ਕੇ ਇਕਜੁਟਤਾ ਦਿਖਾਉਣ ਦੀ ਅਪੀਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ, ਇਸ ਵੇਲੇ ਪਾਣੀ ਦੀ ਵੱਡੀ ਘਾਟ ਨਾਲ ਜੂਝ ਰਿਹਾ ਹੈ। ਉਨਾਂ ਦੱਸਿਆ ਕਿ ਈਰਾਡੀ ਕਮਿਸ਼ਨ ਨੇ ਪਾਣੀ ਦਾ ਮੁਲਾਂਕਣ ਕਰਦੇ ਸਮੇਂ ਦਰਿਆਈ ਪਾਣੀ ਦਾ ਪੱਧਰ 17.1 ਐਮ.ਏ.ਐਫ. ਦਾ ਅਨੁਮਾਨਿਆ ਸੀ ਅਤੇ ਓਦੋਂ ਤੋਂ ਲੈ ਕੇ ਪਾਣੀ ਦਾ ਪੱਧਰ ਘਟ ਕੇ 13 ਐਮ.ਏ.ਐਫ. ਰਹਿ ਗਿਆ ਹੈ। ਉਨਾਂ ਕਿਹਾ ਕਿ ਵਾਤਾਵਰਣ ’ਚ ਹੋ ਰਹੀ ਤਬਦੀਲੀ ਕਾਰਨ ਗਲੇਸ਼ੀਅਰ ਪਿਘਲਣ ਕਰਕੇ ਸਥਿਤੀ ਇਸ ਹੱਦ ਤੱਕ ਪੁੱਜ ਗਈ ਹੈ।

ਹੋਰ ਪੜ੍ਹੋ:ਮੁੱਖ ਮੰਤਰੀ ਵੱਲੋਂ ਸੂਬੇ ‘ਚ ਸਿਵਲ ਸੇਵਾਵਾਂ ਦੀ ਭਰਤੀ ਲਈ ਯੂ.ਪੀ.ਐਸ.ਸੀ. ਦਾ ਪੈਮਾਨਾ ਅਪਣਾਉਣ ਦਾ ਐਲਾਨ

ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਾਲ 2019 ਵਿੱਚ ਪ੍ਰਕਾਸ਼ਿਤ ‘ਗਤੀਸ਼ੀਲ ਜ਼ਮੀਨਦੋਜ਼ ਪਾਣੀ ਅਨੁਮਾਨਿਤ ਰਿਪੋਰਟ-2017’ ਦਾ ਜ਼ਿਕਰ ਕੀਤਾ ਜਿਸ ਅਨੁਸਾਰ ਸੂਬੇ ਦੇ ਸਾਰੇ ਬਲਾਕਾਂ ਨੂੰ ਦਰਸਾਉਂਦੇ 138 ਬਲਾਕਾਂ ਵਿੱਚੋਂ 109 ਬਲਾਕ ਓਵਰ ਐਕਸਪਲਾਇਟਿਡ ਸ਼੍ਰੇਣੀ (ਜਿੱਥੇ ਜ਼ਮੀਨ ਹੇਠਲਾ ਪਾਣੀ ਰਿਚਾਰਜ ਤੋਂ ਵੱਧ ਕੱਢਿਆ ਗਿਆ) ਵਿੱਚ ਸ਼ਾਮਲ ਹਨ।

ਸੂਬੇ ਦੇ ਲਗਪਗ 85 ਫੀਸਦੀ ਰਕਬੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੀ ਔਸਤਨ ਗਿਰਾਵਟ ਦੀ ਸਾਲਾਨਾ ਦਰ 50 ਸੈਂਟੀਮੀਟਰ ਹੈ।

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਠਾਏ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਲੰਮਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬੀਜਾਈ ਹੁੰਦੀ ਸੀ ਪਰ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਘੱਟ ਤੋਂ ਦਰਮਿਆਨਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਪੱਕਣ ’ਚ ਕੁਝ ਦਿਨ ਵੱਧ ਸਮਾਂ ਲੈਂਦੀਆਂ ਹਨ ਅਤੇ ਸਿੰਚਾਈ ਦੀ ਲੋੜ ਘੱਟ ਹੁੰਦੀ ਹੈ। ਨਵੀਆਂ ਕਿਸਮਾਂ ਪੀ.ਆਰ. 126, ਪੀ.ਆਰ. 124, ਪੀ.ਆਰ. 127, ਪੀ.ਆਰ. 121 ਅਤੇ ਪੀ.ਆਰ. 122 ਸੂਬੇ ਦੇ ਲਗਪਗ 83 ਫੀਸਦੀ ਰਕਬੇ ਵਿੱਚ ਬੀਜੀਆਂ ਜਾ ਰਹੀਆਂ ਹਨ, ਜਿਨਾਂ ਦੇ ਪੱਕਣ ਦਾ ਸਮਾਂ ਔਸਤਨ 110 ਦਿਨ ਹੈ ਅਤੇ ਇਨਾਂ ਦੇ ਮੰਡੀਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ।

-PTC News