ਅੱਗ ਲੱਗਣ ਤੋਂ ਬਚੀ 'ਲੇਬਰ ਟ੍ਰੇਨ'

By Panesar Harinder - May 24, 2020 4:05 pm

ਜਲੰਧਰ - ਰੇਲਵੇ ਸਟੇਸ਼ਨ ਜਲੰਧਰ ਸ਼ਹਿਰ ਵਿਖੇ ਅੱਗ ਲੱਗਣ ਦਾ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਲਾਂਕਿ ਲੌਕਡਾਊਨ ਕਾਰਨ ਆਮ ਰੇਲਗੱਡੀਆਂ ਸਾਰੀਆਂ ਬੰਦ ਹਨ ਪਰ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਇੱਕ ਲੇਬਰ ਸਪੈਸ਼ਲ ਰੇਲਗੱਡੀ ਖੜ੍ਹੀ ਸੀ ਜਿਸ ਨੇ ਸ਼ਨੀਵਾਰ ਸਵੇਰੇ ਹਾਜੀਪੁਰ ਜਾਣਾ ਸੀ, ਅਤੇ ਜੇਕਰ ਸਮਾਂ ਰਹਿੰਦੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਅਣਹੋਣੀ ਵਾਪਰ ਸਕਦੀ ਸੀ, ਕਿਉਂ ਕਿ ਹਾਜੀਪੁਰ ਜਾਣ ਲਈ ਖੜ੍ਹੀ ਇਸ ਲੇਬਰ ਸਪੈਸ਼ਲ ਰੇਲਗੱਡੀ 'ਚ 1000 ਤੋਂ ਵੱਧ ਯਾਤਰੀ ਸਵਾਰ ਸਨ।

ਜਲਣਸ਼ੀਲ ਪਦਾਰਥਾਂ 'ਤੇ ਡਿੱਗੀ ਲਾਖ ਕਾਰਨ ਲੱਗੀ ਅੱਗ

ਮਿਲੀ ਜਾਣਕਾਰੀ ਅਨੁਸਾਰ ਇੰਜਨ ਨਾਲ ਲੱਗੇ ਇੱਕ ਲਗੇਜ ਕੋਚ ਨੂੰ ਸਾਮਾਨ ਨਾਲ ਲੋਡ ਕਰਨ ਤੋਂ ਬਾਅਦ ਸੀਲ ਕੀਤਾ ਗਿਆ, ਤੇ ਸੀਲ ਲਗਾਉਂਦੇ ਸਮੇਂ ਬਲਦੀ ਲਾਖ ਟਪਕ ਕੇ ਹੇਠਾਂ ਡਿੱਗ ਗਈ। ਰੇਲਵੇ ਲਾਈਨਾਂ 'ਤੇ ਜਿੱਥੇ ਲਾਖ ਡਿਗੀ ਉਥੇ ਅੱਗ ਲੱਗਣ ਵਾਲਾ ਪਦਾਰਥ ਖਿੱਲਰਿਆ ਹੋਇਆ ਸੀ, ਜਿਸ ਕਾਰਨ ਚੰਗਿਆੜੀ ਡਿੱਗਦਿਆਂ ਹੀ ਉੱਥੇ ਅੱਗ ਫੈਲ ਗਈ। ਅੱਗ ਲੱਗਦੀ ਵੇਖ ਪਲੇਟਫਾਰਮ ਨੰਬਰ 2 'ਤੇ ਡਿਊਟੀ ਕਰ ਰਹੇ ਜੀ.ਆਰ.ਪੀ. ਦੇ ਏ.ਐੱਸ.ਆਈ. ਹੀਰਾ ਸਿੰਘ ਅਤੇ ਰਘੁਵੀਰ ਸਿੰਘ ਨੇ ਇਸ ਦੀ ਜਾਣਕਾਰੀ ਤੁਰੰਤ ਜੀ.ਆਰ.ਪੀ. ਥਾਣੇ ਨੂੰ ਦਿੱਤੀ ਅਤੇ ਸਾਵਧਾਨੀ ਨਾਲ ਨੇੜਲੀਆਂ ਪਾਣੀ ਦੀਆਂ ਪਾਈਪਾਂ ਰਾਹੀਂ ਅੱਗ 'ਤੇ ਤੇਜ਼ ਪਾਣੀ ਪਾ ਦਿੱਤਾ। ਇਸ ਦੌਰਾਨ ਰੇਲ ਦੇ ਲੋਕੋ ਪਾਇਲਟ ਨੇ ਵੀ ਅੱਗ ਬੁਝਾਉ ਯੰਤਰ ਨਾਲ ਅੱਗ ਬੁਝਾਉਣ 'ਚ ਮਦਦ ਕੀਤੀ, ਜਿਸ ਕਾਰਨ ਅੱਗ ਨੂੰ ਜਲਦੀ ਕਾਬੂ ਕਰ ਲਿਆ ਗਿਆ। ਦੂਜੇ ਪਾਸੇ ਰੇਲ ਗੱਡੀ 'ਚ ਅੱਗ ਲੱਗਣ ਬਾਰੇ ਜਾਣ ਕੇ ਵੱਖੋ-ਵੱਖ ਡੱਬਿਆਂ 'ਚ ਬੈਠੇ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਹਫੜਾ-ਦਫੜੀ ਵਿੱਚ ਕਈ ਯਾਤਰੀ ਬਾਹਰ ਵੱਲ੍ਹ ਭੱਜਣ ਲੱਗੇ, ਜਿਨ੍ਹਾਂ ਨੂੰ ਰੇਲਵੇ ਵਿਭਾਗ ਦੇ ਅਹੁਦੇਦਾਰਾਂ ਨੇ ਸਮਝਾ ਕੇ ਦੁਬਾਰਾ ਟਰੇਨ ਵਿਚ ਬਿਠਾਇਆ, ਅਤੇ ਸਮਝਾਇਆ ਕਿ ਉਹ ਭੈਅ 'ਚ ਨਾ ਆਉਣ ਤੇ ਸੰਜਮ ਤੋਂ ਕੰਮ ਲੈਣ।

ਜੀ.ਆਰ.ਪੀ. ਥਾਣੇ ਤੋਂ ਇਸ ਦੀ ਘਟਨਾ ਦੀ ਸੂਚਨਾ ਕੰਟਰੋਲ ਰੂਮ ਅਤੇ ਫ਼ਾਇਰ ਬ੍ਰਿਗੇਡ ਨੂੰ ਦਿੱਤੀ ਗਈ। ਖ਼ਬਰ ਮਿਲਦਿਆਂ ਹੀ ਸਟੇਸ਼ਨ ਸੁਪਰਡੈਂਟ ਆਰ.ਕੇ. ਬਹਿਲ, ਜੀ. ਆਰ. ਪੀ. ਸਬ-ਇੰਸਪੈਕਟਰ ਮੁਝੈਲ ਰਾਮ, ਆਰ.ਪੀ.ਐੱਫ. ਦੇ ਸਬ-ਇੰਸਪੈਕਟਰ ਅਲਵਿੰਦਰ ਸਿੰਘ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਹਾਲਾਂਕਿ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਸੀ।

ਸਮਾਂ ਰਹਿੰਦੇ ਟਲ਼ ਗਿਆ ਵੱਡਾ ਹਾਦਸਾ

ਦੇਸ਼-ਵਿਆਪੀ ਲੌਕਡਾਊਨ ਕਾਰਨ ਰੇਲ ਗੱਡੀਆਂ ਦਾ ਸੰਚਾਲਨ ਬੰਦ ਹੈ, ਅਤੇ ਸਿਰਫ਼ ਚੋਣਵੀਆਂ ਤੇ ਖ਼ਾਸ ਮੰਤਵਾਂ ਨਾਲ ਜੁੜੀਆਂ ਰੇਲਾਂ ਹੀ ਚਲਾਈਆਂ ਜਾ ਰਹੀਆਂ ਹਨ। ਸ਼ਨੀਵਾਰ ਨੂੰ ਸਿਰਫ਼ ਇਹੀ ਇੱਕ ਲੇਬਰ ਸਪੈਸ਼ਲ ਟਰੇਨ ਹਾਜੀਪੁਰ ਜਾਣੀ ਸੀ। ਇਸ ਤੋਂ ਇਲਾਵਾ ਸਟੇਸ਼ਨ 'ਤੇ ਪੂਰੋ ਤਰ੍ਹਾਂ ਨਾਲ ਸੁੰਨਸਾਨ ਹੈ। ਚੰਗੀ ਗੱਲ ਹੈ ਕਿ ਉਸ ਸਮੇਂ ਪਲੇਟਫਾਰਮ ਨੰਬਰ 2 'ਤੇ ਗਸ਼ਤ ਕਰ ਰਹੇ ਜੀ.ਆਰ.ਪੀ. ਜਵਾਨਾਂ ਦਾ ਧਿਆਨ ਅੱਗ ਵੱਲ੍ਹ ਚਲਾ ਗਿਆ। ਜੇਕਰ ਅੱਗ ਲੱਗਣ ਦਾ ਸਹੀ ਸਮੇਂ 'ਤੇ ਪਤਾ ਨਾ ਲੱਗਦਾ ਤਾਂ ਪੂਰੀ ਰੇਲ ਗੱਡੀ ਅੱਗ ਦੀਆਂ ਲਪਟਾਂ 'ਚ ਘਿਰ ਸਕਦੀ ਸੀ ਅਤੇ ਵੱਡਾ ਨੁਕਸਾਨ ਹੋ ਸਕਦਾ ਸੀ। ਸਟੇਸ਼ਨ ਮੁਖੀ ਆਰ.ਕੇ. ਬਹਿਲ ਨੇ ਦੱਸਿਆ ਕਿ ਖਿੱਲਰੇ ਹੋਏ ਤੇਲ ਵਾਲੀ ਥਾਂ 'ਤੇ ਰੇਤ ਪਾ ਦਿੱਤੀ ਗਈ ਹੈ ਤਾਂ ਜੋ ਅੱਗੇ ਲਈ ਅਜਿਹੇ ਹਾਦਸੇ ਤੋਂ ਬਚਾਅ ਰਹੇ।

ਖ਼ਤਰਨਾਕ ਸਾਬਤ ਹੋ ਸਕਦਾ ਹੈ ਪਲੇਟਫ਼ਾਰਮ ਨੰਬਰ 5 'ਤੇ ਬਣਿਆ ਫ਼ਿਊਲ ਪੁਆਇੰਟ

ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 5 ਨੇੜੇ ਇੱਕ ਫ਼ਿਊਲ ਪੁਆਇੰਟ ਹੈ, ਜਿੱਥੋਂ ਡੀ.ਐੱਮ.ਯੂ. 'ਚ ਤੇਲ ਭਰਿਆ ਜਾਂਦਾ ਹੈ। ਇਹ ਫ਼ਿਊਲ ਪੁਆਇੰਟ ਕਿਸੇ ਵੀ ਸਮੇਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ, ਕਿਉਂ ਕਿ ਅੱਗ ਲੱਗਣ ਵਾਲੇ ਪਦਾਰਥ ਅਕਸਰ ਇਸ ਦੇ ਨੇੜੇ ਰੱਖੇ ਦਿਖਾਈ ਦਿੰਦੇ ਹਨ। ਸੁੱਤੀ ਹੋਈ ਮਾਚਿਸ ਦੀ ਕੋਈ ਬਲਦੀ ਤੀਲੀ ਜਾਂ ਸੁਲਗਦੀ ਬੀੜੀ-ਸਿਗਰੇਟ ਵੱਡੇ ਹਾਦਸੇ ਨੂੰ ਕਿਸੇ ਵੀ ਸਮੇਂ ਬੁਲਾਵਾ ਦੇ ਸਕਦੇ ਹਨ। ਰੇਲਵੇ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

adv-img
adv-img