Sat, Apr 27, 2024
Whatsapp

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ

Written by  Jashan A -- January 12th 2020 09:34 AM
ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ ਵਿਸ਼ੇਸ਼ ਕੌਮਾਂਤਰੀ ਸਮਾਗਮ ਦੌਰਾਨ ਸਿੱਖ ਗਦਰੀ ਯੋਧਿਆਂ ਦੇ ਪਰਿਵਾਰਕ ਮੈਂਬਰ ਸਨਮਾਨਿਤ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਜਾਵੇਗਾ ਸਿੱਖ ਗਦਰੀ ਬਾਬਿਆਂ ਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ-ਭਾਈ ਲੌਂਗੋਵਾਲ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਿ੍ਰੰਗ ਕਮੇਟੀ ਦੇ ਫੈਸਲੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ 18 ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ। ਇਸ ਨਾਲ ਗਦਰੀ ਬਾਬਿਆਂ ਦੀ ਦੇਣ ਨੂੰ ਸਿੱਖ ਜਗਤ ਵੱਲੋਂ ਵੱਡਾ ਸਨਮਾਨ ਪ੍ਰਾਪਤ ਹੋਇਆ ਹੈ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਿਭਾਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਸ਼ਲਾਘਾਯੋਗ ਦੱਸਿਆ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ। ਇਸੇ ਦੌਰਾਨ ਇਨ੍ਹਾਂ ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗੁਰਦਾਸ ਹਾਲ ਵਿਖੇ ਆਯੋਜਿਤ ਕੀਤੇ ਗਏ ਇਕ ਕੌਮਾਂਤਰੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਕੌਮਾਂਤਰੀ ਸਮਾਗਮ ਵਿਚ ਉਚੇਚੇ ਤੌਰ ’ਤੇ ਕੈਨੇਡਾ ਤੋਂ ਕਰੀਬ 50 ਮੈਂਬਰੀ ਜਥਾ ਵੀ ਸ਼ਾਮਲ ਹੋਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਸੰਬੋਧਨ ਦੌਰਾਨ ਗਦਰੀ ਯੋਧਿਆਂ ਅਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਸ਼੍ਰੋਮਣੀ ਕਮੇਟੀ ਵੱਲੋਂ ਛਪਵਾ ਕੇ ਸੰਗਤਾਂ ਤੱਕ ਪਹੁੰਚਾਉਣ ਦਾ ਐਲਾਨ ਕੀਤਾ। ਹੋਰ ਪੜ੍ਹੋ: ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਦੇ ਮਤੇ ਅਨੁਸਾਰ ਮਾਮਲਾ ਕੀਤਾ ਗਿਆ ਸੀ ਪੈਂਡਿੰਗ: ਡਾ. ਰੂਪ ਸਿੰਘ ਭਾਈ ਲੌਂਗੋਵਾਲ ਨੇ ਆਖਿਆ ਕਿ ਸਿੱਖ ਗਦਰੀ ਯੋਧਿਆਂ ਨੇ ਦੇਸ਼ ਦੀ ਅਜ਼ਾਦੀ ਦੇ ਨਾਲ-ਨਾਲ ਵਿਦੇਸ਼ਾਂ ਦੀ ਧਰਤੀ ’ਤੇ ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਲੜਾਈ ਲੜੀ। ਉਨ੍ਹਾਂ ਕਿਹਾ ਕਿ ਖ਼ਾਸਕਰ ਕੈਨੇਡਾ ਅੰਦਰ ਨਸਲੀ ਵਿਤਕਰੇ ਖਿਲਾਫ਼ ਸਿੱਖ ਗਦਰੀ ਬਾਬਿਆਂ ਨੇ ਜ਼ੋਰਦਾਰ ਅਵਾਜ਼ ਉਠਾਈ ਸੀ। ਆਪਣੇ ਇਨ੍ਹਾਂ ਪੁਰਖਿਆਂ ਦੀ ਦੇਣ ਸਦਕਾ ਹੀ ਵਿਦੇਸ਼ਾਂ ਅੰਦਰ ਸਿੱਖ ਉੱਚ ਮੁਕਾਮ ਹਾਸਲ ਕਰ ਰਹੇ ਹਨ। ਸਿੱਖਾਂ ਨੂੰ ਆਪਣੇ ਇਨ੍ਹਾਂ ਯੋਧਿਆਂ ਦੀ ਦੇਣ ’ਤੇ ਮਾਣ ਹੈ ਅਤੇ ਸਦਾ ਰਹੇਗਾ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਧਾਨ ਸ. ਬਲਬੀਰ ਸਿੰਘ ਨਿੱਝਰ, ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਜਿਥੇ ਦੇਸ਼ ਦੀ ਅਜ਼ਾਦੀ ਵਿਚ ਸਿੱਖਾਂ ਦੇ ਯੋਗਦਾਨ ’ਤੇ ਚਾਨਣਾ ਪਾਇਆ, ਉਥੇ ਹੀ ਵਿਦੇਸ਼ਾਂ ਵਿਚ ਮਨੁੱਖੀ ਸਰੋਕਾਰਾਂ ਅਤੇ ਹੱਕਾਂ ਲਈ ਲੜਨ ਵਾਲੇ ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਅਹਿਮ ਫੈਸਲਾ ਦੱਸਿਆ। ਸਾਰਿਆਂ ਨੇ ਇਕਸੁਰ ਵਿਚ ਅੱਜ ਦੇ ਦਿਨ ਨੂੰ ਯਾਦਗਾਰੀ ਦਿਨ ਕਿਹਾ ਅਤੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦਾ ਕੈਨੇਡਾ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੈਨੇਡਾ ਤੋਂ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖ਼ਸ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਬਾਵਾ ਸਿੰਘ ਗੁਮਾਨਪੁਰਾ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਤੇਜਿੰਦਰ ਸਿੰਘ ਪੱਡਾ, ਸ. ਗੁਰਮੀਤ ਸਿੰਘ ਬੁੱਟਰ, ਸ. ਤਰਲੋਚਨ ਸਿੰਘ ਬਾਹੀਆ ਕੈਨੇਡਾ, ਸ. ਲਖਵਿੰਦਰ ਸਿੰਘ ਕਾਹਨੇਕੇ, ਬਾਬਾ ਜਗਜੀਤ ਸਿੰਘ ਬੜੂ ਸਾਹਿਬ, ਸ. ਮਲਕੀਤ ਸਿੰਘ ਬਹਿੜਵਾਲ ਸੁਪ੍ਰਿੰਟੈਂਡੈਂਟ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਇਕਬਾਲ ਸਿੰਘ ਮੁਖੀ ਆਦਿ ਮੌਜੂਦ ਸਨ। -PTC News


Top News view more...

Latest News view more...