ਅਦਾਰਾ ਪੀਟੀਸੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

ਅਦਾਰਾ ਪੀਟੀਸੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ,ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਅਤੇ ਆਪ ਜੀ ਦਾ ਜਨਮ ੧੫ ਅਪ੍ਰੈਲ ੧੫੬੩ ਈ. ਵਿੱਚ ਚੌਥੇ ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਦੇ ਘਰ ਗੋਇੰਦਵਾਲ ਵਿਖੇ ਹੋਇਆ।

ਆਪ ਜੀ ਦੇ ਨਾਨਾ ਜੀ ਤੀਸਰੇ ਗੁਰੂ ਅਮਰਦਾਸ ਜੀ ਸਨ।

ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਜੀ ਅਤੇ ਮਾਤਾ ਗੰਗਾ ਜੀ ਦੇ ਪੁੱਤਰ ਸਨ।

ਆਪ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਭ ਤੋਂ ਮਹਤਵਪੂਰਨ ਕਾਰਜ, ਆਦਿ ਗ੍ਰੰਥ ਦੀ ਸੰਪਾਦਨਾ ਕਰਨ ਦਾ ਕੀਤਾ ਸੀ। ਆਪ ਜੀ ਵੱਲੋਂ ਕੀਤੇ ਇਸ ਕਾਰਜ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੁੜਿਆ ਸੀ। ਆਪ ਜੀ ਵੱਲੋਂ ਇਸ ਗ੍ਰੰਥ ਦਾ ਸੰਕਲਨ ੧੬੦੪ ਈ. ਵਿੱਚ ਕੀਤਾ ਗਿਆ।

ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਸੇਵਾ ਆਪਣੀ ਦੇਖ ਰੇਖ ‘ਚ ਕਰਵਾਈ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਫੁਨਹੇ ਮ: 5 ਦੀ ਬਾਣੀ ਲਿਖੀ।
”ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ।।
”ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ।।
”ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ।।
”ਮੋਹਿ ਦੇਖਿ ਦਰਸੁ ਨਾਨਕ ਬਲਿਹਾਰੀਆ ।।

ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ,15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ।ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਦੁਆਰਾ ਮਹਾਨ ਯੋਗਦਾਨ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ, ਜਿਸਦੇ ਕੁੱਲ 2312 ਸ਼ਬਦ ਬਣਦੇ ਹਨ।ਗੁਰੂ ਸਾਹਿਬ ਜੀ ਦੀਆਂ ਮੁੱਖ ਰਚਨਾਵਾਂ ‘ਚ (1) ਸੁਖਮਨੀ ਸਾਹਿਬ (2) ਬਾਰਹਮਾਂਹ (3) ਬਾਵਨ ਅੱਖਰੀ (4) ਫੁਨਹੇ ਮ:5 (5) ਮਾਰੂ ਡਖਣੇ (6) ਵਾਰਾਂ,ਸ਼ਾਮਿਲ ਹਨ।

ਸੁਖਮਨੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ।ਇਸ ਦੀਆਂ ਕੁੱਲ 24 ਅਸ਼ਟਪਦੀਆਂ ਹਨ। 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ‘ਤੇ ਪਹਿਲਾਂ ਹੁਕਮਨਾਮਾ ਲਿਆ।

ਚੰਦੂ ਨੇ ਆਪਣਾ ਬਦਲਾ ਲੈਣ ਲਈ ਗੁਰੂ ਸਾਹਿਬ ਨੂੰ ਨਿਰਦਈਅਤਾ ਨਾਲ ਤੱਤੀ ਤਵੀ ‘ਤੇ ਬਿਠਾ ਕੇ ਸੀਸ ‘ਤੇ ਤੱਤੀ ਰੇਤ ਪਾਈ ਅਤੇ ਬਾਅਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ। ਮੁਗਲਾਂ ਦੀ ਈਨ ਨਾ ਮੰਨਦੇ ਹੋਏ ਕੌਮ ਅਤੇ ਅਣਖ ਖਾਤਰ, ਆਪਣੇ ਵਿਚਾਰਾਂ ਲਈ ਦ੍ਰਿੜਤਾ ਤੇ ਨਿਸਚੇ ਨੂੰ ਪ੍ਰਗਟਾਉਂਦਿਆਂ ਪੰਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ੧੬੦੬ ਈ. ਵਿੱਚ ਸ਼ਹਾਦਤ ਦਾ ਜਾਮ ਪੀਤਾ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਅੱਜ ਕੱਲ੍ਹ ਅੰਮ੍ਰਿਤਸਰ ਦੇ ਨੇੜੇ ਤਰਨਤਾਰਨ ਸਾਹਿਬ ਦੇ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਥਿਤ ਹੈ।

ਅਦਾਰਾ ਪੀਟੀਸੀ ਵੱਲੋਂ ਗੁਰੂ ਜੀ ਦੀ ਇਸ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ॥

-PTC News