
ਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ ,ਇਕ ਵਿਅਕਤੀ ਦੀ ਮੌਤ:ਬਟਾਲਾ : ਪੰਜਾਬ ਵਿੱਚ ਆਵਾਰਾ ਪਸ਼ੂ ਇਕ ਵੱਡੀ ਸਮਿੱਸਆ ਬਣਦੇ ਜਾ ਰਹੇ ਹਨ। ਇਹ ਅਵਾਰਾ ਪਸ਼ੂ ਅਕਸਰ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਦੀ ਅੱਜ ਦਿੱਲੀ ‘ਚ ਕੇਂਦਰ ਨਾਲ ਹੋਵੇਗੀ ਮੀਟਿੰਗ
ਇਨ੍ਹਾਂ ਅਵਾਰਾ ਪਸ਼ੂਆ ਕਾਰਨ ਸੜਕਾਂ ‘ਤੇ ਪ੍ਰਤੀਦਿਨ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਟਾਲਾ ਦੇ ਪਿੰਡ ਛੀਨਾ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਸ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਹਰਦੇਵ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਮੰਗਲ ਸਿੰਘ (50) ਸਾਬਕਾ ਪੰਚ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਕੋਹਾੜ ਅੱਜ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਠਿਆਲੀ ਪੁਲ ‘ਤੇ ਕਿਸੇ ਕੋਲੋਂ ਪੈਸੇ ਲੈਣ ਜਾ ਰਿਹਾ ਸੀ।

ਜਦੋਂ ਉਹ ਪਿੰਡ ਛੀਨਾ ਨਜ਼ਦੀਕ ਪੁੱਜਾ ਤਾਂ ਅਚਾਨਕ ਉਸਦੇ ਮੋਟਰਸਾਈਕਲ ਅੱਗੇ ਇਕ ਆਵਾਰਾ ਪਸ਼ੂ ਆ ਗਿਆ, ਜਿਸ ਨਾਲ ਉਸਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਹ ਹੇਠਾਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ ਹੈ।
-PTCNews