
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕੈਪਟਨ ਸਰਕਾਰ ਖਿਲਾਫ਼ ਜਨਤਕ ਚਾਰਜਸ਼ੀਟ ਜਾਰੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਘੁਟਾਲਿਆਂ ਅਤੇ ਮਾਫੀਆ ਰਾਜ ਨੂੰ ਲੈ ਕੇ ਚਾਰਜਸ਼ੀਟ ਜਾਰੀ ਕੀਤੀ ਹੈ। ਕੈਪਟਨ ਸਰਕਾਰ ਦੇ ਮੰਤਰੀਆਂ ਸਾਧੂ ਸਿੰਘ ਧਰਮਸੋਤ ,ਬਲਬੀਰ ਸਿੱਧੂ , ਸੁੰਦਰ ਸ਼ਿਆਮ ਅਰੋੜਾ ਵੱਲੋਂ ਕੀਤੇ ਘੁਟਾਲਿਆਂ ਦੀ ਪੂਰੀ ਕਹਾਣੀ ਇਸ ਚਾਰਜਸ਼ੀਟ ਵਿੱਚ ਦਰਜ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਗੱਲ ਪੰਜਾਬ ਦੀ ਮੁਹਿੰਮ ਤਹਿਤ ਪੰਜਾਬ ਦੇ ਲੋਕਾਂ ਨੂੰ ਮਿਲਣ ਲਈ 100 ਦਿਨਾਂ ਦੀ ਯਾਤਰਾ ਕੱਲ ਤੋਂ ਸ਼ੁਰੂ ਕੀਤੀ ਜਾਵੇਗੀ। ਜਿਸ ਦੀ ਸ਼ੁਰੂਆਤ ਜ਼ੀਰਾ ਹਲਕੇ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਸੌ ਦਿਨ ਦੌਰਾਨ ਅਕਾਲੀ ਦਲ ਦੇ ਵਰਕਰ ਘਰ- ਘਰ ਜਾ ਕੇ ਪੰਜਾਬ ਵਾਸੀਆਂ ਦੀ ਗੱਲ ਸੁਣਨਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੱਲ ਪੰਜਾਬ ਦੀ ਵੈਬਸਾਈਟ ਜਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ 9687896878 ਮਿਸਡਕਾਲ ਨੰਬਰ ਜਾਰੀ ਕੀਤਾ ਹੈ , ਜਿਸ ਤਹਿਤ ਲੋਕ ਆਪਣੀਆਂ ਮੁਸ਼ਕਿਲਾਂ 'ਤੇ ਸੁਝਾਅ ਦੱਸ ਸਕਦੇ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੰਮ ਸਿਰਫ ਪੰਜਾਬ ਨੂੰ ਲੁੱਟਣ ਦਾ ਰਿਹਾ ਹੈ। ਮੁੱਖ ਮੰਤਰੀ ਕਦੇ ਘਰੋਂ ਨਹੀ ਨਿਕਲੇ ਅਤੇ ਸੂਬੇ 'ਚ ਗੈਂਗਸਟਰ ਰਾਜ ਕਾਇਮ ਹੋਇਆ ਹੈ। ਪੁਲਿਸ ਨੇ ਵੀ ਹੱਥ ਖੜੇ ਕਰ ਦਿੱਤੇ ਹਨ। ਉਨਾਂ ਕਿਹਾ ਕਿ ਕਾਂਗਰਸ ਵੱਲੋਂ ਜੇਲ੍ਹਾਂ ਵਿੱਚ ਗੈਗਸਟਰਾਂ ਨੂੰ ਪਨਾਹ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ 'ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਨੂੰ ਗਾਂਧੀ ਪਰਿਵਾਰ ਹੁਕਮ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਵੋਟਾਂ ਹਾਸਿਲ ਕੀਤੀਆਂ ਹਨ। ਉਨ੍ਹਾਂ
ਘਰ -ਘਰ ਨੌਕਰੀਆਂ , ਨਸ਼ਾ ਖ਼ਤਮ , ਕਰਜ਼ਾ ਮਾਫ਼ ਕਰਨ ਦੇ ਵਾਅਦੇ ਕੀਤੇ ਸਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਤੰਜ ਕਸਦਿਆਂ ਕਿਹਾ ਕਿ ਭਗਵੰਤ ਮਾਨ ਨੇ ਆਪਣੀ ਮਾਂ ਦੀ ਝੂਠੀ ਸਹੁੰ ਖਾਦੀ ਕਿ ਸ਼ਰਾਬ ਪੀਣੀ ਬੰਦ ਕਰ ਦੇਵੇਗਾ ਪਰ ਭਗਵੰਤ ਮਾਨ ਨੇ ਸੰਗਰੂਰ 'ਚ ਮਾਂ ਦੀ ਸਹੁੰ ਖਾ ਕੇ ਸ਼ਰਾਬ ਨੀ ਛੱਡੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵੀ ਝੂਠੀ ਸਹੁੰ ਖਾ ਕੇ ਕਾਂਗਰਸ ਨਾਲ ਰਲ ਕੇ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਕੇਜਰੀਵਾਲ ਵੀ ਸੂਬਾ ਬਦਲਣ ਨਾਲ ਹੀ ਬਿਆਨ ਬਦਲ ਦਿੰਦਾ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਤਿੰਨੋ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਾਢੇ ਛੇ ਸੌ ਕਲੋਨੀਆਂ ਅੱਜ ਵੀ ਪਾਣੀ ਨੂੰ ਤਰਸੀਆਂ ਹਨ। ਦਸ ਸਾਲ ਹੋ ਗਏ ਕੇਜਰੀਵਾਲ ਨੇ ਹਾਲੇ ਤੱਕ ਲੋਕਪਾਲ ਨਹੀਂ ਬਣਾਇਆ। ਦਿੱਲੀ ਵਿੱਚ ਇੱਕ ਵੀ ਸਿੱਖ ਵਿਧਾਇਕ ਨੂੰ ਸਰਕਾਰ ਵਿੱਚ ਸ਼ਾਮਲ ਨਹੀ ਕੀਤਾ ਗਿਆ।
-PTCNews