ਮੁੱਖ ਖਬਰਾਂ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਸਣੇ 2 ਹੋਰਾਂ ਨੇ ਸੰਭਾਲਿਆ ਕਾਰਜਕਾਲ

By Pardeep Singh -- February 05, 2022 9:00 pm -- Updated:February 05, 2022 9:02 pm

ਲੁਧਿਆਣਾ : ਬਸੰਤ ਪੰਚਮੀ ਵਾਲੇ ਪਵਿੱਤਰ ਦਿਹਾੜੇ 'ਤੇ ਅੱਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਪੰਜਾਬੀ ਭਵਨ, ਲੁਧਿਆਣਾ ਵਿਖੇ ਆਪਣਾ ਕਾਰਜਕਾਰ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਭਰ ਤੋਂ ਪਹੁੰਚੇ ਵਿਦਵਾਨ/ਲੇਖਕਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਨਵੀਆਂ ਸੰਭਾਵਨਾਵਾਂ ਜਗਾਉਣ ਲਈ ਸੱਦਾ ਦਿੱਤਾ।
ਕੇਂਦਰੀ ਪੰਜਾਬੀ ਲੇਖਕ ਸਭ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਭਵਨ ਦੇ ਪੁਸਤਕ ਬਾਜ਼ਾਰ ਨੂੰ ਪ੍ਰਫੁੱਲਤ ਕਰਨ ਲਈ ਨਵੀਂ ਟੀਮ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਥੀਏਟਰ ਵੱਲ ਵੀ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਅਤੇ ਪੰਜਾਬ ਕਲਾ ਪਰਿਸ਼ਦ ਵੀ ਨਵੀਂ ਚੁਣੀ ਗਈ ਟੀਮ ਨੂੰ ਪੂਰਨ ਸਹਿਯੋਗ ਦੇਵੇਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਐਸ. ਪੀ. ਸਿੰਘ ਹੋਰਾਂ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਨਵੇਂ ਚੁਣੇ ਪ੍ਰਬੰਧਕੀ ਬੋਰਡ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੈਂ ਹਮੇਸ਼ਾਂ ਤੁਹਾਡੇ ਨੇਕ ਯਤਨਾਂ ਦੇ ਨਾਲ ਹਾਂ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਲੋਕ ਪੱਖੀ ਨਾਟਕਾਂ ਦਾ ਥੀਏਟਰ ’ਚ ਵੱਡਾ ਯੋਗਦਾਨ ਰਿਹਾ ਹੈ। ਨਾਟਕਾਂ ਦੀ ਸਕਰਿਪਟ ਸੰਬੰਧੀ ਮੁਕਾਬਲੇ ਵੀ ਹੋਣੇ ਚਾਹੀਦੇ ਹਨ। ਨਵੇਂ ਲੇਖਕਾਂ ਨੂੰ ਵਾਰਤਕ ਲਿਖਣ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਬਾਲ ਸਾਹਿਤ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਬਾਲ ਸਾਹਿਤ ਨੂੰ ਉਤਸ਼ਾਹਤ ਕਰਨਾ ਸਾਡਾ ਸਾਰਿਆ ਦਾ ਫ਼ਰਜ਼ ਹੈ।
ਲੁਧਿਆਣਾ ਦੇ ਸ਼ਾਹੀ ਇਮਾਮ ਤੇ ਇਤਿਹਾਸਕਾਰ ਜਨਾਬ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਪੰਜਾਬੀ ਭਵਨ ਨੂੰ ਸ਼ਹਿਰ ਦੇ ਕੇਂਦਰ ਵਿਚ ਸਥਿਤ ਹੋਣ ਕਾਰਨ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਪੜ੍ਹਨ ਤੇ ਪੰਜਾਬੀ ਭਵਨ ਦੀਆਂ ਗਤੀ ਵਿਧੀਆਂ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਆ ਜਾਣਾ ਬਹੁਤ ਜ਼ਰੂਰੀ ਹੈ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਐਸ.ਐਸ ਜੌਹਲ ਨੇ ਨਵੀਂ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰੈਫਰੈਂਸ ਲਾਇਬ੍ਰੇਰੀ ਦਾ ਵਿਕਾਸ ਕੀਤਾ ਜਾਵੇ। ਪੁਸਤਕ ਬਾਜ਼ਾਰ ਨੂੰ ਪ੍ਰਫੁੱਲਤ ਕਰਨ ਲਈ ਪਹਿਲ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਜਿੱਥੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਸਭ ਦੀ ਜਾਣ ਪਛਾਣ ਕਰਵਾਉਦਿਆਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਕੰਮ ਕਰ ਰਹੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੂੰ ਸਹਿਯੋਗ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਅਕਾਡਮੀ ਦੀਆਂ ਪ੍ਰਕਾਸ਼ਨਾਵਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਲਈ ਵਿੱਤੀ ਸੋਮੇ ਜੁਟਾਉਣ ਵਿੱਚ ਉਹ ਹਮੇਸ਼ਾਂ ਵਾਂਗ ਆਪਣਾ ਬਣਦਾ ਹਿੱਸਾ ਪਾਉਣਗੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਪ੍ਰਧਾਨਗੀ ਦਾ ਅਹੁਦਾ ਸੰਭਾਲਦਿਆਂ ਕਿਹਾ ਇਹ ਚੋਣ ਬੜੀ ਸਦਭਾਵਨਾ ਨਾਲ ਹੋਈ ਹੈ। ਇਹ ਚੰਗੀ ਸ਼ੁਰੂਆਤ ਹੈ। ਭਵਿੱਖ ਵਿਚ ਵੀ ਮਾਨਵਵਾਦੀ ਸੋਚ ਨਾਲ ਪੰਜਾਬੀ ਸਾਹਿਤ ਅਕਾਡਮੀ ਲਈ ਕੰਮ ਸਭ ਨੂੰ ਰਲ ਕੇ ਕਰਨਾ ਚਾਹੀਦਾ ਹੈ। ਜਿੱਤ ਹਾਰ ਹੁਣ ਅਰਥਹੀਣ ਹੈ, ਅਸਾਂ ਸਭ ਨੇ ਰਲ ਕੇ ਟੀਮ ਵਾਂਗ ਭਾਸ਼ਾ ਸਾਹਿੱਤ ਤੇ ਸੱਭਿਆਚਾਰ ਲਈ ਕਾਰਜਸ਼ੀਲ ਹੋਣਾ ਹੈ।
ਇਸ ਮੌਕੇ ਦਾਦ ਪਿੰਡ ਦੇ ਸਰਪੰਚ ਜਗਦੀਸ਼ ਪਾਲ ਸਿੰਘ ਗਰੇਵਾਲ ਵੱਲੋਂ ਸਰਪ੍ਰਸਤ ਵਜੋਂ ਦਿੱਤਾ ਇੱਕ ਲੱਖ ਰੁਪਏ ਦਾ ਚੈੱਕ ਉੱਘੇ ਕਹਾਣੀਕਾਰ ਸੁਖਜੀਤ ਮਾਛੀਵਾੜਾ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਨੂੰ ਭੇਟ ਕੀਤਾ ਗਿਆ। ਪਰਵਾਸੀ ਪੰਜਾਬੀ ਕਵੀ ਤੇ ਆਪਣੀ ਆਵਾਜ਼ ਮੈਗਜ਼ੀਨ ਦੇ ਬਾਨੀ ਸੰਪਾਦਕ ਸੁਰਿੰਦਰ ਸਿੰਘ ਸੁੰਨੜ ਨੇ ਅਕਾਡਮੀ ਦੀਆਂ ਗਤੀ ਵਿਧੀਆਂ ਲਈ ਹਰ ਸੰਭਵ ਆਰਥਿਕ ਸਹਾਇਤਾ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਕਸ਼ਦੀਪ ਪੰਜਕੋਹਾ ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ ਦਰਸ਼ਨ ਬੁੱਟਰ, ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਭਗਵੰਤ ਰਸੂਲਪੁਰੀ, ਡਾ. ਨਿਰਮਲ ਜੌੜਾ, ਗੁਰਚਰਨ ਕੌਰ ਕੋਚਰ, ਕਾਰਜਕਾਰਨੀ ਮੈਂਬਰ ਕੇ. ਸਾਧੂ ਸਿੰਘ, ਪਰਮਜੀਤ ਕੌਰ ਮਹਿਕ, ਹਰਬੰਸ ਮਾਲਵਾ ਤੋਂ ਇਲਾਵਾ ਜਨਮੇਜਾ ਸਿੰਘ ਜੌਹਲ, ਡਾ. ਕੁਲਦੀਪ ਸਿੰਘ ਦੀਪ, ਸੰਧੂ ਵਰਿਆਣਵੀ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰਭਜੋਤ ਸੋਹੀ, ਰਵੀਦੀਪ ਰਵੀ ਸੁਰਿੰਦਰ ਦੀਪ, ਸੁਰਿੰਦਰ ਕੌਰ ਲਾਇਬਰੇਰੀਅਨ ਪੰਜਾਬੀ ਭਵਨ, ਊਸ਼ਾ ਦੀਪਤੀ, ਸਤੀਸ਼ ਗੁਲਾਟੀ, ਡਾ.ਰੁਬੀਨਾ ਸ਼ਬਨਮ, ਅਮਰੀਕਾ ਤੋਂ ਆਏ ਪੰਜਾਬੀ ਕਵੀ ਕੁਲਵਿੰਦਰ, ਅਮਰਜੀਤ ਸ਼ੇਰਪੁਰੀ, ਤਰਲੋਚਨ ਸਿੰਘ ਰੰਗਕਰਮੀ, ਜਸਪ੍ਰੀਤ ਕੌਰ ਫ਼ਲਕ,ਸਰਬਜੀਤ ਵਿਰਦੀ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਹੁਦੇਦਾਰਾਂ ਨੂੰ ਮੁਬਾਰਕ ਦੇਣ ਪੁੱਜੇ।

ਇਹ ਵੀ ਪੜ੍ਹੋ:ਅੰਮ੍ਰਿਤਸਰ ਪੂਰਬੀ 'ਚ ਅਕਾਲੀ ਦਲ ਨੂੰ ਵੱਡਾ ਹੁਲਾਰਾ, ਤਿੰਨੋਂ ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਬਿਕਰਮ ਮਜੀਠੀਆ ਦੀ ਹਮਾਇਤ ਦਾ ਐਲਾਨ

-PTC News

  • Share