50 ਦਿਨ ਬਾਅਦ ਮੁੜ ਪੱਟੜੀ ‘ਤੇ ਆਈਆਂ ਰੇਲ ਗੱਡੀਆਂ

Train
Train

ਖੇਤੀ ਬਿੱਲਾਂ ਨੂੰ ਲੈਕੇ ਧਰਨਿਆਂ ‘ਤੇ ਬੈਠੇ ਪੰਜਾਬ ਵਿਚ 30 ਕਿਸਾਨ ਜੱਥੇਬੰਦੀਆਂ ਵੱਲੋਂ ਧਰਨਾ ਖ਼ਤਮ ਕਰਨ ਦੇ ਐਲਾਨ ਤੋਂ ਬਾਅਦ ਰੇਲਵੇ ਸਟੇਸ਼ਨਾਂ ‘ਤੇ ਮੁੜ ਹਲਚਲ ਸ਼ੁਰੂ ਹੋ ਗਈ ਹੈ। ਕਿਸਾਨਾਂ ਵੱਲੋਂ ਨਰਮਾਈ ਵਰਤਦੇ ਹੋਏ ਪੰਜਾਬ ਵਿਚ ਮੁੜ ਰੇਲ ਸੇਵਾ ਬਹਾਲ ਕਰਨ ‘ਚ ਸਹਿਮਤੀ ਭਰ ਦਿੱਤੀ , ਜਿਸ ਤੋਂ ਬਾਅਦ ਰੇਲ ਗੱਡੀਆਂ ਚੱਲ ਚੁਕੀਆਂ ਹਨ ,ਇਹਨਾਂ ਗੱਡੀਆਂ ‘ਚ ਦਿੱਲੀ ਤੋਂ ਦਾਖ਼ਲ ਹੋ ਕੇ ਮਾਨਸਾ ਰਾਹੀਂ ਇੱਕ ਮਾਲ ਗੱਡੀ ਕੋਲਾ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਵਿੱਚ ਪੁੱਝੀ । ਇਸ ਰੇਲਗੱਡੀ ਦੇ ਪੁੱਜਣ ਦੀ ਪੁਸ਼ਟੀ ਬਣਾਂਵਾਲਾ ਤਾਪ ਘਰ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ। ਇਸੇ ਤਰ੍ਹਾਂ ਪਹਿਲੀ ਯਾਤਰੀ ਗੱਡੀ ਦਿੱਲੀ ਤੋਂ ਅੰਬਾਲਾ ਪੁੱਜੀ। ਜਨਸ਼ਤਾਬਾਦੀ ਐਕਸਪ੍ਰੈਸ ਵਾਇਆ ਚੰਡੀਗੜ੍ਹ, ਮੁਹਾਲੀ, ਨੰਗਲਡੈਮ ਤੋਂ ਊਨਾ ਹਿਮਾਚਲ ਜਾਏਗੀ।

ਅੱਜ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੋਂ ਸਾਨੇਵਾਲ ਕੰਟੇਨਰ, ਰਾਮਪੁਰਾ ਫੂਲ, ਜੰਮੂਤਵੀ ਡੀਜਲ ਵਾਲੀਆਂ ਮਾਲ ਗੱਡੀਆਂ ਚਲਾਈਆਂ ਗਈਆਂ। ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।

ਉੱਤਰੀ ਰੇਲਵੇ ਵੱਲੋਂ ਰੇਲ ਮਾਰਗਾਂ ਦੀ ਜਾਂਚ ਉਪਰੰਤ ਦਿੱਤੀ ਰੇਲਾਂ ਚਲਾਉਣ ਦੀ ਹਰੀ ਝੰਡੀ ਤਹਿਤ ਇਹ ਟਰੇਨਾਂ ਆਰੰਭ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੁਸਾਫ਼ਰ ਗੱਡੀਆਂ ਵੀ ਸ਼ੁਰੂ ਹੋ ਗਈਆਂ ਹਨ, ਜਿਸ ਤਹਿਤ ਅੱਜ ਸ਼ਾਮ ਨੂੰ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਮੁਸਾਫ਼ਰ ਗੱਡੀ ਚਲਾਈ ਜਾ ਰਹੀ ਹੈ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਪੰਜਾਬ ਵਿੱਚ ਰੇਲ ਆਵਾਜਾਈ ਠੱਪ ਕੀਤੀ ਗਈ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਪੰਜਾਬ ਵਿੱਚ 23 ਨਵੰਬਰ ਤੋਂ 15 ਦਿਨਾਂ ਲਈ ਮਾਲ ਗੱਡੀਆਂ ਦੇ ਨਾਲ ਮੁਸਾਫ਼ਰ ਗੱਡੀਆਂ ਨੂੰ ਲਾਂਘਾ ਦੇਣ ਦੀ ਹਾਮੀ ਭਰ ਦਿੱਤੀ ਸੀ।