ਵਿਕਰਮ ਸਾਹਨੀ ਪੰਜਾਬ ਵਿੱਚ ਸਕਿੱਲ ਯੂਨੀਵਰਸਿਟੀ ਕਰਨਗੇ ਸਥਾਪਤ
ਚੰਡੀਗੜ੍ਹ: ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਵਿਕਰਮਜੀਤ ਸਾਹਨੀ, ਪਦਮਸ਼੍ਰੀ ਨੇ ਅੱਜ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਵਿੱਚ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕਿੱਲ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ ਜੋ ਕਿ ਇਲੈਕਟ੍ਰੀਸ਼ੀਅਨ, ਵੈਲਡਰ, ਫਿਟਰ, ਏਅਰ ਕੰਡੀਸ਼ਨ ਅਤੇ ਫਰਿੱਜ ਮਕੈਨਿਕ, ਆਈ.ਟੀ. ਵੈੱਬ ਡਿਜ਼ਾਈਨਿੰਗ, ਕੋਡਿੰਗ, ਗ੍ਰਾਫਿਕ ਡਿਜ਼ਾਈਨਿੰਗ, ਸੋਲਰ ਪੈਨਲ ਟੈਕਨੀਸ਼ੀਅਨ, ਜੂਨੀਅਰ ਨਰਸਾਂ ਆਦਿ ਹਰ ਪ੍ਰਕਾਰ ਦੀਆਂ ਨੌਕਰੀਆਂ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪੰਜਾਬ ਅਤੇ ਯੂਏਈ, ਕੈਨੇਡਾ ਜਪਾਨ ਅਤੇ ਹੋਰ ਦੇਸ਼ਾਂ ਵਿੱਚ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਹ ਪਹਿਲਾਂ ਹੀ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਖੇ ਦੋ ਵਿਸ਼ਵ ਹੁਨਰ ਕੇਂਦਰ ਚਲਾ ਰਹੇ ਹਨ ਜੋ ਹਜ਼ਾਰਾਂ ਨੌਜਵਾਨਾਂ ਨੂੰ ਮੁਫਤ ਹੁਨਰ ਅਤੇ ਨੌਕਰੀਆਂ ਪ੍ਰਦਾਨ ਕਰਦੇ ਹਨ। ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਵਿਸਾਖੀ ਮੌਕੇ ਸਨ ਫਾਊਂਡੇਸ਼ਨ ਵੱਲੋਂ ਸਿਖਲਾਈ ਪ੍ਰਾਪਤ ਪੰਜਾਬ ਦੇ 1000 ਨੌਜਵਾਨਾਂ ਨੂੰ ਨੌਕਰੀ ਪੱਤਰ ਦੇਣ ਲਈ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੱਦਾ ਦਿੱਤਾ ਹੈ।
ਵਿਕਰਮ ਸਾਹਨੀ ਅੰਮ੍ਰਿਤਸਰ ਵਿਖੇ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਵੀ ਚਲਾ ਰਹੇ ਹਨ ਅਤੇ ਅੱਗੇ ਐਲਾਨ ਕੀਤਾ ਕਿ ਉਨ੍ਹਾਂ ਦੀ ਐਨਜੀਓ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤੀ ਅਤੇ ਹੁਨਰ ਕੇਂਦਰ ਸਥਾਪਤ ਕਰੇਗੀ।
ਜ਼ਿਕਰਯੋਗ ਹੈ ਕਿ ਵਿਕਰਮ ਸਾਹਨੀ ਨੇ ਕੋਵਿਡ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 1000 ਤੋਂ ਵੱਧ ਆਕਸੀਜਨ ਕੰਸੈਂਟਰੇਟਰ ਅਤੇ 2000 ਆਕਸੀਜਨ ਸਿਲੰਡਰ ਭੇਜ ਕੇ ਬਹੁਤ ਮਦਦ ਕੀਤੀ ਅਤੇ ਨਾਲ ਹੀ ਮੋਬਾਈਲ ਕੋਵਿਡ ਟੈਸਟਿੰਗ ਐਂਬੂਲੈਂਸਾਂ ਵੀ ਦਾਨ ਕੀਤੀਆਂ।
ਇਹ ਵੀ ਪੜ੍ਹੋ:ਸੂਬੇ ਦੇ ਲੋਕਾਂ ਲਈ ਸਿਹਤ ਸੰਭਾਲ ਸੁਵਿਧਾਵਾਂ 'ਚ ਕ੍ਰਾਂਤੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ: ਡਾਕਟਰ ਸਿੰਗਲਾ
-PTC News